ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਜਨਵਰੀ, 2024:
ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਵੱਡੀ ਰਾਹਤ ਦੇਣ ਲਈ ਬਕਾਇਆ ਪਏ ਇੰਤਕਾਲਾਂ ਦੇ ਨਿਪਟਾਰੇ ਲਈ ਸ਼ੁਰੂ ਕੀਤੀ ਸੂਬਾ ਵਿਆਪੀ ਮੁਹਿੰਮ ਨੂੰ ਸੋਮਵਾਰ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਭਰਵਾਂ ਹੁੰਗਾਰਾ ਮਿਲਿਆ ਹੈ। 6 ਜਨਵਰੀ ਦੀ ਮੁਹਿੰਮ ਦੀ ਤਰ੍ਹਾਂ ਜ਼ਿਲ੍ਹੇ ਦੇ ਮਾਲ ਅਫ਼ਸਰਾਂ ਵੱਲੋਂ ਇਸ ਵਾਰ ਪ੍ਰਵਾਨ ਕੀਤੇ ਇੰਤਕਾਲਾਂ ਦੀ ਗਿਣਤੀ ਨੇ ਇੱਕ ਦਿਨ ਵਿੱਚ 1227 ਦੀ ਸਫ਼ਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ 6 ਜਨਵਰੀ ਨੂੰ ਪ੍ਰਵਾਨ ਕੀਤੇ 1942 ਇੰਤਕਾਲਾਂ ਦੀ ਗਿਣਤੀ ਮਿਲਾ ਕੇ ਦੋਵਾਂ ਦਿਨਾਂ ਦੀ ਕੁੱਲ 3169 ਹੋ ਗਈ ਹੈ।
ਦੋਵਾਂ ਕੈਂਪਾਂ ਦੌਰਾਨ ਲੰਬਿਤ ਪਏ ਇੰਤਕਾਲਾਂ ਨੂੰ ਮਨਜੂਰ ਕਰਨ ਲਈ ਸਖ਼ਤ ਮਿਹਨਤ ਕਰ ਰਹੇ ਮਾਲ ਸਟਾਫ਼ ਦੇ ਯਤਨਾਂ ਦੀ ਸ਼ਲਾਘਾ ਕਰਦੇ ਹੋਏ, ਉਨ੍ਹਾਂ ਨੇ ਉਨ੍ਹਾਂ ਨੂੰ ਇਹੋ ਗਤੀ ਬਰਕਰਾਰ ਰੱਖਣ ਅਤੇ ਬਾਕੀ ਰਹਿੰਦਾ ਬਕਾਇਆ ਵੀ ਖਤਮ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਭਾਵੇਂ ਇੰਤਕਾਲ ਪਟਵਾਰੀ ਦੁਆਰਾ ਦਰਜ ਕਰਨ ਅਤੇ ਕਾਨੂੰਗੋ ਦੁਆਰਾ ਤਸਦੀਕ ਕਰਨ ਅਤੇ ਅੰਤ ਵਿੱਚ ਤਹਿਸੀਲਦਾਰ/ਨਾਇਬ ਤਹਿਸੀਲਦਾਰ ਦੁਆਰਾ ਮਨਜ਼ੂਰੀ ਦੇਣ ਤੱਕ 45 ਦਿਨਾਂ ਦੀ ਸਮਾਂ ਸੀਮਾ ਨਿਰਧਾਰਤ ਕੀਤੀ ਗਈ ਹੈ ਪਰ ਕਈ ਵਾਰ ਮੌਕੇ ਤੇ ਜਾ ਕੇ ਤਸਦੀਕ ਕਰਨ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ਇੰਤਕਾਲ ਬਕਾਇਆ ਨਾ ਰਹਿਣ ਦੇਣ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਜਾਇਦਾਦ ਮਾਲਕਾਂ ਨੂੰ ਆਪਣਾ ਕੰਮ ਕਰਵਾਉਣ ਲਈ ਇਧਰ ਉਧਰ ਨਾ ਜਾਣਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖਰੜ ਸਬ ਡਵੀਜ਼ਨ ਨੇ ਕੱਲ੍ਹ ਇੱਕ ਦਿਨ ਵਿੱਚ 610 ਇੰਤਕਾਲ ਮਨਜ਼ੂਰ ਕੀਤੇ ਹਨ ਜਦੋਂਕਿ ਡੇਰਾਬੱਸੀ ਵਿੱਚ 425 ਅਤੇ ਮੁਹਾਲੀ ਵਿੱਚ 187 ਇੰਤਕਾਲ ਮਨਜ਼ੂਰ ਕੀਤੇ ਗਏ ਹਨ।