ਗਣਤੰਤਰ ਦਿਵਸ ਮੌਕੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਫ਼ਿਰੋਜ਼ਪੁਰ ਤੋਂ ਕਰਨਗੇ ਸੁਪਰ 100 ਸਕੀਮ ਦੀ ਸ਼ੁਰੂਆਤ – ਧੀਮਾਨ

ਫ਼ਿਰੋਜ਼ਪੁਰ, 25 ਜਨਵਰੀ 2024:
ਫਿਰੋਜ਼ਪੁਰ ਜ਼ਿਲ੍ਹੇ ਦਾ ਦੇਸ਼ ਦੀਆਂ ਖੇਡਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ। ਫਿਰੋਜ਼ਪੁਰ ਨੇ ਹਾਕੀ, ਨਿਸ਼ਾਨੇਬਾਜ਼ੀ, ਰੋਇੰਗ ਅਤੇ ਕਬੱਡੀ ਵਿੱਚ ਵੱਡੇ ਖਿਡਾਰੀ ਦੇਸ਼ ਨੂੰ ਦਿੱਤੇ ਹਨ। ਜਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਦੇ ਯਤਨਾਂ ਸਦਕਾ ਗਣਤੰਤਰ ਦਿਵਸ ਮੌਕੇ ਖੇਡਾਂ ਅਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਨਿਵੇਕਲੀ ਸਕੀਮ ‘ਸੁਪਰ ਹੰਡਰਡ(100)’ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਤਹਿਤ ਸੂਬਾ ਪੱਧਰ ’ਤੇ ਜ਼ਿਲੇ ਦਾ ਨਾਮ ਰੌਸ਼ਨ ਕਰਨ ਵਾਲੇ ਜ਼ਿਲ੍ਹੇ ਵਿੱਚੋਂ ਸੁਪਰ ਹੰਡਰਡ (100) ਖਿਡਾਰੀ ਚੁਣੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲੋਂ ਹੀ ਵਧੀਆ ਮਿਹਨਤ ਕਰਕੇ ਸੂਬਾ ਪੱਧਰ ‘ਤੇ ਨਾਮਨਾ ਖੱਟਣ ਵਾਲੇ ਖਿਡਾਰੀਆਂ ਦੇ ਸੰਪੂਰਨ ਤੇ ਸਰਬਪੱਖੀ ਵਿਕਾਸ ਲਈ ਇਸ ਸਕੀਮ ਨੂੰ ਲਾਂਚ ਕੀਤਾ ਗਿਆ ਹੈ। ਉਨ੍ਹਾਂ ਦੀ ਡਾਇਟ ਦਾ ਸਾਰਾ ਪ੍ਰਬੰਧ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੀ.ਐਸ.ਆਰ. ਗਤੀਵਿਧੀਆਂ ਰਾਹੀਂ ਕੀਤਾ ਜਾਵੇਗਾ। ਖਿਡਾਰੀਆਂ ਦੇ ਸੰਪੂਰਨ ਤੇ ਬਹੁਪੱਖੀ ਵਿਕਾਸ ਲਈ ਉਨ੍ਹਾਂ ਨੂੰ ਸਪੋਰਟਸ ਸਾਇੰਸ ਤੇ ਬਾਇਓਮਕੈਨਿਕਸ ਵਿਧੀਆਂ ਰਾਹੀਂ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਪਟਿਆਲਾ ਨਾਲ ਸਮਝੌਤਾ ਕੀਤਾ ਗਿਆ ਹੈ; ਜਿਸ ਰਾਹੀਂ ਖਿਡਾਰੀਆਂ ਨੂੰ ਅਧੂਨਿਕ ਤਕਨੀਕ ਨਾਲ ਅੰਤਰਰਾਸ਼ਟਰੀ ਪੱਧਰ ਦੀ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਖਿਡਾਰੀਆਂ ਨੂੰ ਖੇਡ ਦੌਰਾਨ ਚੋਟ ਲੱਗਣ ਦੀ ਸੂਰਤ ਵਿੱਚ ਉਨ੍ਹਾਂ ਦੇ ਵਧੀਆ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਸੁਪਰ 100 ਸਕੀਮ ਤਹਿਤ ਖਿਡਾਰੀਆਂ ਨੂੰ ਸੰਪੂਰਨ ਖੇਡ ਕਿੱਟਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਕਿਉਂਕਿ ਜ਼ਿਲ੍ਹੇ ਵਿੱਚ ਕੋਚਾਂ ਦੀ ਕਮੀ ਹੈ, ਜਿਸ ਨੂੰ ਮੁੱਖ ਰੱਖਦਿਆਂ ਸੁਪਰ ਹੰਡਰਡ (100) ਸਕੀਮ ਤਹਿਤ ਖਿਡਾਰੀਆਂ ਦੇ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉੱਚ ਪੱਧਰ ਦੀ ਖੇਡ ਸਿਖਲਾਈ ਦੇਣ ਲਈ ਫੌਜ ਤੇ ਬੀ.ਐਸ.ਐਫ. ਦੇ ਕੋਚਾਂ ਦੀਆਂ ਸੇਵਾਵਾਂ ਲਈਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹੋਰ ਹਰ ਉਹ ਸੁਵਿੱਧਾ ਉਪਲਬੱਧ ਕਰਵਾਈ ਜਾਵੇਗੀ ਜਿਸ ਨਾਲ ਰਾਸ਼ਟਰੀ, ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾ ਸਕਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਖਿਡਾਰੀਆਂ ਲਈ ਅੰਤਰਰਾਸ਼ਟਰੀ ਪੱਧਰ ਦਾ ਐਸਟਰੋਟਰਫ ਹਾਕੀ ਦਾ ਮੈਦਾਨ ਬਣ ਚੁੱਕਾ ਹੈ। ਜਿਸ ਦੀ ਸੁਚੱਜੀ ਵਰਤੋਂ ਕਰ ਕੇ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਨਾਮਨਾ ਖੱਟਣਗੇ। ਇਸ ਤੋਂ ਇਲਾਵਾ ਛੇਤੀ ਹੀ ਸਿੰਥੈਟਿਕ ਟਰੈਕ ਤਿਆਰ ਹੋਣ ਤੇ ਕੁਝ ਸਮੇਂ ਵਿੱਚ ਫ਼ਿਰੋਜ਼ਪੁਰ ਦੇ ਖਿਡਾਰੀਆਂ ਨੂੰ ਟ੍ਰੇਨਿੰਗ ਲਈ ਉਪਲਬਧ ਕਰਵਾ ਦਿੱਤਾ ਜਾਵੇਗਾ। ਖਿਡਾਰੀਆਂ ਦੀ ਟ੍ਰੇਨਿੰਗ ਸਬੰਧੀ ਮੁਸ਼ਿਕਲ ਨੂੰ ਦੇਖਦੇ ਹੋਏ ਵੱਖ-ਵੱਖ ਖੇਡਾਂ ਦੇ ਕੋਚ ਵੀ ਤੈਨਾਤ ਕੀਤੇ ਗਏ ਹਨ ਤਾਂ ਜੋ ਖਿਡਾਰੀਆਂ ਨੂੰ ਕਿਸੇ ਵੀ ਮੁਸ਼ਿਕਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ  ਇਨ੍ਹਾਂ ਸੁਪਰ-100 ਖਿਡਾਰੀਆਂ ਨੂੰ ਗਣਤੰਤਰ ਦਿਵਸ ਮੌਕੇ ਖੇਡ ਮੰਤਰੀ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ।

Leave a Reply

Your email address will not be published. Required fields are marked *