ਡਿਪਟੀ ਕਮਿਸ਼ਨਰ ਵੱਲੋਂ ਪਾਣੀ ਦੇ ਨਮੂਨਿਆਂ ਦੀ ਜਾਂਚ ਦੀ ਰੋਜ਼ਾਨਾ ਸਮੀਖਿਆ ਲਈ ਵਿਸ਼ੇਸ਼ ਵਿਧੀ ਵਿਕਸਤ

ਲੁਧਿਆਣਾ, 29 ਜੁਲਾਈ (000) – ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਕੂਲਾਂ ਵਿੱਚ ਸਾਫ਼ ਪਾਣੀ ਦੀ ਉਪਲਬਧਤਾ ਨੂੰ ਯਕੀਨੀ ਬਣਾਇਆ ਜਾਵੇ।

ਡਿਪਟੀ ਕਮਿਸ਼ਨਰ ਨੇ ਆਪਣੇ ਦਫ਼ਤਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਪਾਣੀ ਦੇ ਨਮੂਨੇ ਲੈਣ ਦੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ ਅਤੇ ਸਿੱਖਿਆ ਅਧਿਕਾਰੀਆਂ ਨੂੰ ਸਕੂਲੀ ਬੱਚਿਆਂ ਨੂੰ ਆਰ.ਓ ਸਿਸਟਮ ਜਾਂ ਪੀਣ ਯੋਗ ਸਵੱਛ ਪਾਣੀ ਮੁਹੱਈਆ ਕਰਵਾਉਣ ਨੂੰ ਸਭ ਤੋਂ ਵੱਧ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਸਕੂਲਾਂ ਵਿੱਚ ਲਗਾਏ ਗਏ ਆਪਣੇ ਆਰ.ਓ ਸਿਸਟਮਾਂ ਦੀ ਜਾਂਚ ਹੈੱਡਮਾਸਟਰਾਂ/ਪ੍ਰਿੰਸੀਪਲਾਂ ਰਾਹੀਂ ਕਰਵਾਉਣ ਅਤੇ ਕਾਰਵਾਈ ਦੀ ਰਿਪੋਰਟ ਦੇਣ ਲਈ ਵੀ ਕਿਹਾ। ਪਾਲਣਾ ਨੂੰ ਯਕੀਨੀ ਨਾ ਬਣਾਉਣ ਵਾਲੇ ਕਿਸੇ ਵੀ ਸਕੂਲ ਜਾਂ ਜਨਤਕ ਸਥਾਨ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਡਿਪਟੀ ਕਮਿਸ਼ਨਰ ਸਾਹਨੀ ਨੇ ਦੱਸਿਆ ਕਿ ਲੁਧਿਆਣਾ ਵਿੱਚ ਪਾਣੀ ਅਤੇ ਵੈਕਟਰ ਬੋਰਨ ਬਿਮਾਰੀਆਂ ਦੀ ਰੋਕਥਾਮ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਵਿਕਾਸ ਦੇ ਨਾਲ-ਨਾਲ ਨਗਰ ਨਿਗਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਉਨ੍ਹਾਂ ਦੇ ਖੇਤਰਾਂ ਵਿੱਚ ਰੋਜ਼ਾਨਾ ਪਾਣੀ ਦੇ ਸੈਂਪਲ ਲੈਣ ਨੂੰ ਯਕੀਨੀ ਬਣਾਉਣ ਲਈ ਜਿੰਮੇਵਾਰੀ ਸੌਂਪੀ ਗਈ ਹੈ। ਸਟਾਲਾਂ, ਮਠਿਆਈਆਂ ਦੀਆਂ ਦੁਕਾਨਾਂ ਅਤੇ ਰੈਸਟੋਰੈਂਟਾਂ ਵਿੱਚ ਗੰਦੇ ਭੋਜਨ ਦੇ ਸੈਂਪਲ ਲੈਣ ਅਤੇ ਕਾਰਵਾਈ ਕਰਨ ਲਈ ਵਿਸ਼ੇਸ਼ ਟੀਮਾਂ ਵੀ ਗਠਿਤ ਕੀਤੀਆਂ ਗਈਆਂ ਹਨ। ਫੋਗਿੰਗ ਸ਼ਡਿਊਲ ਦੀ ਵੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਡਿਪਟੀ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਨ੍ਹਾਂ ਬਿਮਾਰੀਆਂ ਨਾਲ ਨਜਿੱਠਣ ਲਈ ਵਚਨਬੱਧ ਹੈ ਅਤੇ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲੁਧਿਆਣਾ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਪੰਜਾਬ ਭਰ ਵਿੱਚ ਸਭ ਤੋਂ ਵੱਧ ਸੈਂਪਲ ਲਏ ਗਏ ਹਨ। ਉਨ੍ਹਾਂ ਪਹਿਲਾਂ ਹੀ ਲਏ ਗਏ 100 ਫੀਸਦ ਪ੍ਰੀ-ਮੌਨਸੂਨ ਪਾਣੀ ਦੇ ਨਮੂਨਿਆਂ ਬਾਰੇ ਵੀ ਦੱਸਿਆ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਜਿਨ੍ਹਾਂ ਖੇਤਰਾਂ ਵਿੱਚ ਨਮੂਨੇ ਪੀਣ ਲਈ ਅਯੋਗ ਪਾਏ ਗਏ ਹਨ, ਉਨ੍ਹਾਂ ਬਾਰੇ ਚੌਕਸ ਰਹਿਣ।

ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਫੋਗਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਤਿੱਖੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਨਿਗਮ ਅਤੇ ਜਲ ਸਪਲਾਈ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਸਾਰੀਆਂ ਜਲ ਸਪਲਾਈਆਂ ਦੀ ਕਲੋਰੀਨੇਸ਼ਨ ਲਗਾਤਾਰ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *