26 ਮਾਰਚ ( )ਮੋਹਾਲੀ:
ਪੰਜਾਬੀ ਗਾਇਕ ਜੈਜ਼ੀ ਬੀ ਆਪਣੇ ਨਵੇਂ ਆਏ ਗੀਤ ” ਮੜਕ ਸ਼ੌਕੀਨਾ ਦੀ ਤੂੰ ਕੀ ਜਾਣਦੀ ਭੇਡੇ” ਨੂੰ ਲੈ ਕੇ ਵਿਵਾਦਾਂ ਦੇ ਵਿੱਚ ਘਿਰਦੇ ਜਾ ਰਹੇ ਹਨ । ਦੱਸਣਾ ਬਣਦਾ ਹੈ ਕਿ 10 ਮਾਰਚ ਨੂੰ ਰਿਲੀਜ਼ ਹੋਏ ਇਸ ਗੀਤ ਵਿੱਚ ਜੈਜ਼ੀ ਬੀ ਨੇ ਔਰਤ ਨੂੰ ‘ ਭੇਡੇ’ ਕਹਿ ਕੇ ਸੰਬੋਧਨ ਕੀਤਾ ਹੈ । ਜਿਸ ਦੇ ਚੱਲਦੇ ਹੋਏ ਜਿੱਥੇ ਕੁਝ ਜਾਗਰੂਕ ਮਹਿਲਾਵਾਂ ਵੱਲੋਂ ਗਾਇਕ ਜੈਜ਼ੀ ਬੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਉੱਥੇ ਹੀ ਕੁਝ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੀ ਉਸਦਾ ਪੁਤਲਾ ਫੂਕਿਆ ਗਿਆ ਹੈ ।
ਮਹਿਲਾਵਾਂ ਦੀ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ਦਿਸ਼ਾ ਵੋਮੈਨ ਵੈੱਲਫੇਅਰ ਟਰੱਸਟ (ਰਜਿ) ਪੰਜਾਬ ਵੱਲੋਂ ਵੀ ਇਸਦਾ ਵਿਰੋਧ ਕੀਤਾ ਗਿਆ ਹੈ । ਆਪਣਾ ਵਿਰੋਧ ਪ੍ਰਗਟ ਕਰਨ ਦੇ ਲਈ ਅੱਜ ਸੀਨੀਅਰ ਪੱਤਰਕਾਰ ਅਤੇ ਦਿਸ਼ਾ ਟਰੱਸਟ ਦੇ ਪ੍ਰਧਾਨ ਹਰਦੀਪ ਕੌਰ ਦੀ ਅਗਵਾਈ ਹੇਠ ਮਹਿਲਾਵਾਂ ਦੇ ਇੱਕ ਇਕੱਠ ਨੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਕੋਲ ਪਹੁੰਚ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ।ਇਸ ਦੌਰਾਨ ਕਮਿਸ਼ਨ ਦੇ ਨਵ ਨਿਯੁਕਤ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਨੂੰ ਟਰੱਸਟ ਵੱਲੋਂ ਇੱਕ ਮੰਗ ਪੱਤਰ ਦੇ ਕੇ ਗਾਇਕ ਜੈਜ਼ੀ ਬੀ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ।
ਇਸ ਦੌਰਾਨ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਚੇਅਰਪਰਸਨ ਮੈਡਮ ਰਾਜ ਲਾਲੀ ਗਿੱਲ ਵੱਲੋਂ ਟਰੱਸਟ ਨੂੰ ਭਰੋਸਾ ਦਿੱਤਾ ਗਿਆ ਕਿ ਗਾਇਕ ਜੈਜ਼ੀ ਬੀ ਨੂੰ ਇਸ ਸਬੰਧੀ ਕਮਿਸ਼ਨ ਵੱਲੋਂ ਨੋਟਿਸ ਭੇਜ ਕੇ ਜਵਾਬ ਤਲਬੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਗੀਤ ਵਿੱਚ ਵਰਤੀ ਗਈ ਸ਼ਬਦਾਵਲੀ ਨਿੰਦਨਯੋਗ ਹੈ ਜਿਸ ਦਾ ਨੋਟਿਸ ਜਰੂਰ ਲਿਆ ਜਾਵੇਗਾ।
ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਟਰੱਸਟ ਪ੍ਰਧਾਨ ਹਰਦੀਪ ਕੌਰ ਨੇ ਕਿਹਾ ਕਿ ਮਹਿਲਾਵਾਂ ਦੇ ਖਿਲਾਫ ਅਜਿਹੀ ਸ਼ਬਦਾਵਲੀ ਬਰਦਾਸ਼ਤ ਯੋਗ ਨਹੀਂ ਅਤੇ ਅਜਿਹੀ ਸ਼ਬਦਾਵਲੀ ਜਦੋਂ ਖਾਸ ਤੌਰ ਤੇ ਸੈਲੀਬਰੇਟੀਜ ਦੇ ਵੱਲੋਂ ਵਰਤੋ ਦੇ ਵਿੱਚ ਲਿਆਂਦੀ ਜਾਂਦੀ ਹੈ ਤਾਂ ਉਸਦਾ ਬੇਹਦ ਮਾੜਾ ਅਸਰ ਆਉਣ ਵਾਲੀ ਨੌਜਵਾਨ ਪੀੜੀ ਦੇ ਉੱਤੇ ਪੈਂਦਾ ਹੈ । ਹੋਰ ਅੱਗੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਗਾਇਕ ਜੈਜ਼ੀ ਬੀ ਵੱਲੋਂ ਉਮਰ ਦੇ 48ਵੇਂ ਵਰ੍ਹੇ ਵਿੱਚ ਅਜਿਹੀ ਸ਼ਬਦਾਵਲੀ ਦੀ ਵਰਤੋਂ ਇਸ ਸਾਬਤ ਕਰਦੀ ਹੈ ਕਿ ਉਹ ਅਕਲੋਂ ਹਲੇ ਵੀ ਕੱਚੇ ਹੀ ਹਨ ।