ਅੰਮ੍ਰਿਤਸਰ 17 ਫਰਵਰੀ:– ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ , ਜੋ ਕਿ 23 ਫਰਵਰੀ ਤੋਂ 29 ਫਰਵਰੀ ਤੱਕ ਚੱਲੇਗਾ। ਇਹ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਇਹਨਾਂ ਸੱਤ ਦਿਨਾਂ ਵਿੱਚ ਪੰਜਾਬੀ ਗਾਇਕੀ ਦੇ ਵੱਡੇ ਗਾਇਕ ਜਿਨਾਂ ਨੇ ਦੁਨੀਆਂ ਵਿੱਚ ਆਪਣਾ ਲੋਹਾ ਮਨਵਾਇਆ ਹੈ, ਉਹ ਲੋਕਾਂ ਦਾ ਮਨੋਰੰਜਨ ਕਰਨ ਲਈ ਅੰਮ੍ਰਿਤਸਰ ਆਉਣਗੇ।
ਉਹਨਾਂ ਦੱਸਿਆ ਕਿ 23 ਫਰਵਰੀ ਨੂੰ ਇਸ ਮੇਲੇ ਦਾ ਆਗਾਜ਼ ਖਾਲਸਾ ਕਾਲਜ ਵਿਖੇ ਕੀਤਾ ਜਾਵੇਗਾ, ਜਿਸ ਵਿੱਚ ਬਾਲੀਵੁੱਡ ਦੇ ਪ੍ਰਸਿੱਧ ਗਾਇਕ ਸ੍ਰੀ ਸੁਖਵਿੰਦਰ ਸਿੰਘ ਦਰਸ਼ਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆ ਕਿ ਇਸੇ ਤਰ੍ਹਾਂ 24 ਫਰਵਰੀ ਨੂੰ ਇਹ ਗਾਇਕ ਰਣਜੀਤ ਐਵਨਿਊ ਦੁਸ਼ਹਿਰਾ ਗਰਾਉਂਡ ਵਿਖੇ ਲੋਕਾਂ ਦਾ ਮਨੋਰੰਜਨ ਕਰਨ ਲਈ ਮੇਲੇ ਵਿੱਚ ਭਾਗ ਲੈਣਗੇ, ਜਿਸ ਵਿੱਚ 24 ਫਰਵਰੀ ਨੂੰ ਨੂਰਾਂ ਸਿਸਟਰ, 25 ਫਰਵਰੀ ਨੂੰ ਲਖਵਿੰਦਰ ਵਡਾਲੀ, 26 ਫਰਵਰੀ ਨੂੰ ਵਾਰਸ ਭਰਾ , 27 ਫਰਵਰੀ ਨੂੰ ਰਾਜਵੀਰ ਜਵੰਦਾ, 28 ਫਰਵਰੀ ਨੂੰ ਕੰਵਰ ਗਰੇਵਾਲ ਅਤੇ 29 ਫਰਵਰੀ ਨੂੰ ਦਿਲਪ੍ਰੀਤ ਢਿੱਲੋਂ ਲੋਕਾਂ ਦੇ ਰੂਬਰੂ ਹੋਣਗੇ। ਉਹਨਾਂ ਦੱਸਿਆ ਕਿ ਇਸ ਦੌਰਾਨ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਦੁਸ਼ਹਿਰਾ ਗਰਾਊਂਡ ਵਿਖੇ ਖਾਣ ਪੀਣ ਦੇ ਸ਼ੌਕੀਨਾਂ ਲਈ ਦੇਸ਼ ਭਰ ਵਿੱਚੋਂ ਵੱਡੇ ਬਰਾਂਡ ਰੂਪੀ ਰੈਸਟੋਰੈਂਟ ਆਪਣੇ ਖਾਣੇ ਪਰੋਸਣਗੇ, ਜਿਨਾਂ ਵਿੱਚ 100 ਦੇ ਕਰੀਬ ਸਟਾਲ ਹੋਣਗੇ । ਇਸ ਤੋਂ ਇਲਾਵਾ ਖਰੀਦੋ ਫਰੋਖਤ ਲਈ ਆਪਣੀ ਹੱਥ ਕਲਾ ਕਰਕੇ ਜਾਣੇ ਜਾਂਦੇ ਮਾਹਰ ਦੇਸ਼ ਭਰ ਵਿੱਚੋਂ ਪਹੁੰਚ ਕੇ ਆਪਣੇ ਸਟਾਲ ਲਾਉਣਗੇ।
ਅੱਜ ਇਸ ਮੇਲੇ ਦੀ ਤਿਆਰੀ ਲਈ ਐਸ ਡੀ ਐਮ ਸ ਮਨਕੰਵਲ ਸਿੰਘ ਚਾਹਲ ਅਤੇ ਉਹਨਾਂ ਦੀ ਟੀਮ ਨੇ ਦੁਸ਼ਹਿਰਾ ਗਰਾਉਂਡ ਦਾ ਜਾਇਜ਼ਾ ਲਿਆ ਅਤੇ ਮੇਲੇ ਦੀਆਂ ਤਿਆਰੀਆਂ ਬਾਰੇ ਰੂਪ ਰੇਖਾ ਤਿਆਰ ਕੀਤੀ। ਉਹਨਾਂ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਇਸ ਮੇਲੇ ਵਿੱਚ ਸ਼ਿਰਕਤ ਕਰਨ ਦਾ ਸੱਦਾ ਦਿੱਤਾ ।