-30 ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਜੰਗਲਾਂ ਵਿੱਚ ਵੱਖ-ਵੱਖ ਕਿਸਮਾਂ ਦੇ ਬੀਜਾਂ ਦਾ ਛਿੜਕਾਅ

ਚੰਡੀਗੜ੍ਹ/ਪਠਾਨਕੋਟ, ਅਗਸਤ 20:
ਧਾਰ ਬਲਾਕ ਵਿੱਚ ਜੰਗਲਾਂ ਦਾ ਵਿਸਥਾਰ ਕਰਨ ਅਤੇ ਜੰਗਲਾਂ ਦੀ ਸੁਰੱਖਿਆ ਲਈ ਵਣ ਵਿਭਾਗ ਵੱਲੋਂ ਕਈ ਯਤਨ ਜਾਰੀ ਹਨ, ਜਿਸ ਤਹਿਤ ਸ਼ਾਹਪੁਰ ਕੰਡੀ ਦੇ ਨੇੜੇ ਪਿੰਡ ਘਟੇਰਾ ਦੇ ਤੀਹ ਹੈਕਟੇਅਰ ਜੰਗਲ ਵਿੱਚ ਡਰੋਨ ਰਾਹੀਂ ਜੰਗਲਾਂ ਵਿੱਚ ਵੱਖ-ਵੱਖ ਕਿਸਮਾਂ ਦੇ ਬੀਜਾਂ ਦਾ ਛਿੜਕਾਅ ਕੀਤਾ ਗਿਆ।
ਇਸ ਮੌਕੇ ‘ਤੇ ਪੰਜਾਬ ਦੇ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਲਾਲ ਚੰਦ ਕਟਾਰੂਚੱਕ, ਡੀ.ਸੀ. ਪਠਾਨਕੋਟ ਅਦਿੱਤਿਆ ਉੱਪਲ, ਵਣਪਾਲ ਸੰਜੀਵ ਤਿਵਾਰੀ ਆਈ.ਐਫ.ਐਸ., ਡੀ.ਐਫ.ਓ. ਧਰਮਵੀਰ ਆਈ.ਐਫ.ਐਸ. ਅਤੇ ਹੋਰ ਕਈ ਅਧਿਕਾਰੀਆਂ ਨੇ ਡਰੋਨ ਰਾਹੀਂ ਤੁਲਸੀ, ਆਂਵਲਾ, ਜਾਮੁਨ, ਹਰੜ, ਬਿਹੜਾ, ਸੁਆਜਨ ਅਤੇ ਹੋਰ ਕਈ ਕਿਸਮਾਂ ਦੇ ਬੀਜਾਂ ਨੂੰ ਮਿੱਟੀ ਦੀਆਂ ਗੇਂਦਾਂ ਵਿੱਚ ਲਪੇਟ ਕੇ ਡਰੋਨ ਰਾਹੀਂ ਜੰਗਲਾਂ ਵਿੱਚ ਉਨ੍ਹਾਂ ਦਾ ਛਿੜਕਾਅ ਕੀਤਾ।
ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸਾਰੇ ਪੰਜਾਬ ਵਿੱਚ ਹਰਿਆਲੀ ਮਿਸ਼ਨ ਤਹਿਤ ਪੌਦੇ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੰਜਾਬ ਵਿੱਚ ਵੱਖ-ਵੱਖ ਕਿਸਮ ਦੇ 3 ਕਰੋੜ ਤੋਂ ਵੱਧ ਪੌਦੇ ਲਗਾਏ ਜਾ ਰਹੇ ਹਨ ਅਤੇ ਹੁਣ ਪਾਇਲਟ ਪ੍ਰੋਜੈਕਟ ਤਹਿਤ ਧਾਰ ਬਲਾਕ ਦੇ ਜੰਗਲਾਂ ਵਿੱਚ ਪੌਦਿਆਂ ਦਾ ਵਿਸਥਾਰ ਕਰਨ ਲਈ ਸਾਰੇ ਜ਼ਿਲ੍ਹੇ ਵਿੱਚ ਪੰਜ ਲੱਖ ਬੀਜਾਂ ਦਾ ਡਰੋਨ ਰਾਹੀਂ ਜੰਗਲਾਂ ਵਿੱਚ ਛਿੜਕਾਅ ਕੀਤਾ ਜਾਵੇਗਾ।
       ਉਨ੍ਹਾਂ ਦੱਸਿਆ ਕਿ ਧਾਰ ਬਲਾਕ ਵਿੱਚ ਲਗਭਗ 24 ਹਜ਼ਾਰ ਹੈਕਟੇਅਰ ਵਿੱਚ ਜੰਗਲਾਂ ਦਾ ਖੇਤਰ ਫੈਲਿਆ ਹੋਇਆ ਹੈ, ਇਸ ਲਈ ਘਣੇ ਜੰਗਲਾਂ ਵਿੱਚ ਜਿੱਥੇ ਮਜ਼ਦੂਰਾਂ ਅਤੇ ਹੋਰ ਸਾਧਨਾਂ ਨਾਲ ਪੌਦੇ ਨਹੀਂ ਲਗਾਏ ਜਾ ਸਕਦੇ, ਉੱਥੇ ਡਰੋਨ ਰਾਹੀਂ ਬੀਜਾਂ ਨੂੰ ਛਿੜਕਿਆ ਜਾ ਰਿਹਾ ਹੈ। ਉਨ੍ਹਾਂ ਨਾਲ ਹੀ ਦੱਸਿਆ ਕਿ ਉਕਤ ਗੇਂਦਾਂ ਦੇ ਰਾਹੀਂ ਸੁੱਟੇ ਗਏ ਬੀਜ ਵੀਹ ਦਿਨਾਂ ਦੇ ਅੰਦਰ ਆਪ ਹੀ ਜੰਗਲਾਂ ਵਿੱਚ ਉੱਗਣੇ ਸ਼ੁਰੂ ਹੋ ਜਾਣਗੇ, ਜਿਸ ਨਾਲ ਜੰਗਲਾਂ ਦਾ ਲਗਾਤਾਰ ਵਿਸਥਾਰ ਵੀ ਹੋਵੇਗਾ।
ਇਸ ਮੌਕੇ ਡੀ.ਸੀ. ਅਦਿੱਤਿਆ ਉੱਪਲ, ਵਣਪਾਲ ਸੰਜੀਵ ਤਿਵਾਰੀ, ਡੀ.ਐਫ.ਓ. ਧਰਮਵੀਰ, ਰੇਂਜ ਅਫਸਰ ਮੁਕੇਸ਼ ਵਰਮਾ, ਬਲਾਕ ਅਫਸਰ ਅਜੇ ਪਠਾਣੀਆ, ਬਲਾਕ ਅਫਸਰ ਪਵਨ ਕੁਮਾਰ, ਸਾਹਿਬ ਸਿੰਘ ਸਾਬਾ, ਬਲਾਕ ਕਮੇਟੀ ਮੈਂਬਰ ਬਲਕਾਰ ਸਿੰਘ ਪਠਾਣੀਆ, ਸਰਪੰਚ ਕਰਤਾਰ ਸਿੰਘ, ਸੋਹਨ ਲਾਲ, ਰੋਸ਼ਨ ਲਾਲ ਭਗਤ, ਮਿੰਟੂ ਮਸੀਹ ਅਤੇ ਹੋਰ ਪਤਵੰਤੇ ਹਾਜ਼ਿਰ ਸਨ।

Leave a Reply

Your email address will not be published. Required fields are marked *