ਪੰਜਾਬ ਦੇ ਸਾਰੇ ਵੇਰਕਾ ਮਿਲਕ ਪਲਾਂਟਾਂ ਵਿੱਚ ਲਗਾਏ ਜਾਣਗੇ ਪੌਦੇ : ਕਮਲ ਗਰਗ

ਬਠਿੰਡਾ, 11 ਜੁਲਾਈ : ਵਾਤਾਵਰਨ ਦੀ ਸ਼ੁੱਧਤਾ ਨੂੰ ਲੈ ਕੇ ਪੰਜਾਬ ਦੇ ਸਾਰੇ ਵੇਰਕਾ ਪਲਾਂਟਾਂ ਅੰਦਰ ਪੌਕੇ ਲਗਾਏ ਜਾਣਗੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਡਾਕਟਰ ਕਮਲ ਗਰਗ (ਆਈ.ਏ.ਐਸ) ਨੇ  ਸਥਾਨਕ ਵੇਰਕਾ ਮਿਲਕ ਪਲਾਂਟ ਵਿਖੇ ਪਹਿਲੇ ਪੜਾਅ ’ਚ ਛਾਂਦਾਰ ਤੇ ਫ਼ਲਦਾਰ 500 ਬੂਟੇ ਲਗਾਉਣ ਦੀ ਸ਼ੁਰੂਆਤ ਕਰਨ ਮੌਕੇ ਕੀਤਾ। ਇਸ ਮੌਕੇ ਸੀਨੀਅਰ ਪੁਲਿਸ ਕਪਤਾਨ ਸ਼੍ਰੀ ਦੀਪਕ ਪਾਰੀਕ, ਜਨਰਲ ਮੈਨੇਜ਼ਰ ਵੇਰਕਾ ਸ਼੍ਰੀ ਅਨੀਮੇਸ਼ ਪ੍ਰਮਾਣਿਕ ਤੇ ਵੇਰਕਾ ਦੇ ਡਾਇਰੈਕਟਰ ਸ਼੍ਰੀ ਸੁਖਪ੍ਰੀਤ ਸੁੱਖੀ ਮਾਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਇਸ ਦੌਰਾਨ ਐਮ.ਡੀ. ਸ਼੍ਰੀ ਕਮਲ ਗਰਗ ਨੇ ਰੁੱਖਾਂ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਦੇ ਮੱਦੇਨਜ਼ਰ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਜਿੱਥੇ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਵੱਧ ਤੋਂ ਵੱਧ ਰੁੱਖ ਲਗਾਉਣਾ ਹੈ, ਉਥੇ ਹੀ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵੀ ਸਾਡਾ ਮੁੱਖ ਫਰਜ ਹੈ।

ਇਸ ਉਪਰੰਤ ਮੈਨੇਜਿੰਗ ਡਾਇਰੈਕਟਰ ਮਿਲਕਫੈਡ ਸ੍ਰੀ ਕਮਲ ਗਰਗ ਤੇ ਵੇਰਕਾ ਮਿਲਕ ਪਲਾਂਟ ਦੇ ਬੋਰਡ ਆਫ ਡਾਇਰੈਕਟਰਜ ਨੇ ਪਲਾਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਦੁੱਧ ਦੀ ਖਰੀਦ ਅਤੇ ਪਲਾਂਟ ਵਲੋਂ ਤਿਆਰ ਕੀਤੀਆਂ ਵਸਤਾਂ ਦੀ ਮਾਰਕੀਟਿੰਗ ਵੱਲ ਵਧੇਰੇ ਧਿਆਨ ਦੇਣ ਸਬੰਧੀ ਅਧਿਕਾਰੀਆਂ ਨੂੰ ਲੋੜੀਦੇ ਦਿਸ਼ਾ-ਨਿਰਦੇਸ਼ ਦਿੱਤੇ।

ਇਸ ਦੌਰਾਨ ਵੇਰਕਾ ਮਿਲਕ ਪਲਾਂਟ ਦੇ ਜਨਰਲ ਮੈਨੇਜ਼ਰ ਸ਼੍ਰੀ ਅਨੀਮੇਸ਼ ਪ੍ਰਮਾਣਿਕ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਸਥਾਨਕ ਵੇਰਕਾ ਪਲਾਂਟ ਵਿੱਚ 500 ਛਾਂਦਾਰ ਤੇ ਫ਼ਲਦਾਰ ਬੂਟੇ ਲਗਾਏ ਜਾ ਰਹੇ ਹਨ। ਇਸ ਉਪਰੰਤ ਦੂਜੇ ਪੜਾਅ ਤਹਿਤ ਮਿਲਕ ਪਲਾਂਟ ਅਧੀਨ ਪੈਂਦੇ 5 ਦੁੱਧ ਸ਼ੀਤਲ ਕੇਂਦਰਾਂ (ਸਰਦੂਲਗੜ੍ਹ, ਭੀਖੀ, ਰਾਮਪੁਰਾ, ਤਲਵੰਡੀ ਸਾਬੋ ਅਤੇ ਪਿੰਡ ਬਾਦਲ) ਵਿਖੇ ਵੀ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਵੇਰਕਾ ਮਿਲਕ ਪਲਾਂਟ ਬਠਿੰਡਾ ਵਿਖੇ ਤੁਪਕਾ ਸਿੰਚਾਈ ਵਿਧੀ ਨਾਲ ਬੂਟਿਆਂ ਨੂੰ ਪਾਣੀ ਦਿੱਤਾ ਜਾਵੇਗਾ।

ਇਸ ਦੌਰਾਨ ਵੇਰਕਾ ਦੇ ਡਾਇਰੈਕਟਰ ਸ਼੍ਰੀ ਸੁਖਪ੍ਰੀਤ ਸੁੱਖੀ ਮਾਨ ਨੇ ਕਿਹਾ ਕਿ ਲਗਾਏ ਗਏ ਇਨ੍ਹਾਂ ਬੂਟਿਆਂ ਨੂੰ 4 ਭਾਗਾਂ ’ਚ ਵੰਡਿਆ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੂਟਿਆਂ ਦੀ ਸਾਂਭ-ਸੰਭਾਲ ਲਈ ਨਿਯੁਕਤ ਕੀਤੀਆਂ ਟੀਮਾਂ ’ਚੋਂ ਜੋ ਵੀ ਟੀਮ ਇਨ੍ਹਾਂ ਬੂਟਿਆਂ ਦੀ ਸੁਚੱਜੀ ਸਾਂਭ-ਸੰਭਾਲ ਕਰੇਗੀ ਉਸ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਜਾਵੇਗਾ।

ਇਸ ਮੌਕੇ ਡਾਇਰੈਕਟਰ ਗੁਰਲਾਲ ਸਿੰਘ, ਲਾਭ ਸਿੰਘ ਜਗਾਰਾਮ ਤੀਰਥ, ਦਰਸ਼ਨ ਸਿੰਘ, ਜਸਕਰਨ ਸਿੰਘ, ਮੈਨੇਜਰ ਡਾਕਟਰ ਪ੍ਰਮੋਦ ਸ਼ਰਮਾ, ਆਰ.ਕੇ.ਪਟੇਲ, ਖੁਸ਼ਕਰਨ ਸਿੰਘ, ਅਭਿਨਵ ਵਾਟਸ, ਆਕਾਸ਼ਦੀਪ ਸਿੰਘ, ਇੰਜੀਨੀਅਰ ਅਰਜਨ ਸਿੰਘ, ਤੇ ਪਰਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

Leave a Reply

Your email address will not be published. Required fields are marked *