ਸੌਂਦ ਵੱਲੋਂ ਕਿਰਤੀ ਕਾਮਿਆਂ ਦੀਆਂ ਭਲਾਈ ਸਕੀਮਾਂ ਦੇ ਲੰਬਿਤ ਕੇਸਾਂ ਦਾ ਨਿਪਟਾਰਾ 30 ਨਵੰਬਰ ਤੱਕ ਕਰਨ ਦੇ ਹੁਕਮ

ਚੰਡੀਗੜ੍ਹ, 28 ਅਕਤੂਬਰ:

ਕਿਰਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਿਰਤੀ ਕਾਮਿਆਂ ਦੇ ਰਜਿਸਟ੍ਰੇਸ਼ਨ/ਨਵੀਨੀਕਰਨ/ਪ੍ਰਵਾਨਗੀ ਸਬੰਧੀ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਪਹਿਲ ਦੇ ਆਧਾਰ ਉੱਤੇ ਕੀਤਾ ਜਾਵੇ।

ਮੁਹਾਲੀ ਦੇ ਕਿਰਤ ਭਵਨ ਵਿਖੇ ਪੰਜਾਬ ਲੇਬਰ ਵੈਲਫੇਅਰ ਬੋਰਡ ਅਤੇ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਦੇ ਅਧਿਕਾਰੀਆਂ ਨਾਲ ਵਿਭਾਗ ਦੀ ਸਮੀਖਿਆ ਮੀਟਿੰਗ ਕਰਦੇ ਹੋਏ ਸੌਂਦ ਨੇ ਆਦੇਸ਼ ਕੀਤੇ ਕਿ ਕਿਰਤ ਵਿਭਾਗ ਦੇ ਅਧਿਕਾਰੀਆਂ ਕੋਲ ਜੋ ਵੀ ਭਲਾਈ ਸਕੀਮਾਂ 31 ਅਕਤੂਬਰ, 2024 ਤੱਕ ਲੰਬਿਤ ਹੋਣਗੀਆਂ, ਉਨ੍ਹਾਂ ਦਾ 30 ਨਵੰਬਰ, 2024 ਤੱਕ ਨਿਪਟਾਰਾ ਕੀਤਾ ਜਾਵੇ।

ਕਿਰਤ ਮੰਤਰੀ ਨੇ ਇਹ ਵੀ ਆਦੇਸ਼ ਦਿੱਤੇ ਕਿ ਵੱਖ-ਵੱਖ ਸ਼ਹਿਰਾਂ ਵਿਚ ਜੋ ਲੇਬਰ ਚੌਂਕ ਬਣੇ ਹੋਏ ਹਨ, ਉਥੇ ਵਿਭਾਗ ਦੀਆਂ ਭਲਾਈ ਸਕੀਮਾਂ ਦੇ ਫਲੈਕਸ ਬੋਰਡ ਸਰਲ ਭਾਸ਼ਾ ਵਿਚ ਲਾਏ ਜਾਣ।

ਕਿਰਤ ਮੰਤਰੀ ਨੇ ਕਿਹਾ ਕਿ ਵਿਭਾਗ ਦੇ ਕਰਮਚਾਰੀ/ਅਧਿਕਾਰੀ 18 ਨਵੰਬਰ ਤੋਂ ਲੈ ਕੇ  22 ਨਵੰਬਰ, 2024 ਤੱਕ ਹਰ ਰੋਜ਼ ਸਵੇਰੇ 7 ਵਜੇ ਤੋਂ ਸਵੇਰੇ 10 ਵਜੇ ਤੱਕ ਲੇਬਰ ਚੌਕਾਂ ‘ਤੇ ਕੈਂਪ ਲਗਵਾਉਣਗੇ ਤੇ ਇਨ੍ਹਾਂ ਕੈਂਪਾਂ ਵਿਚ ਕਿਰਤੀਆਂ ਦੀ ਰਜਿਸਟ੍ਰੇਸ਼ਨ/ਨਵੀਨੀਕਰਨ, ਨਵੀਆਂ ਭਲਾਈ ਸਕੀਮਾਂ, ਪਹਿਲਾਂ ਤੋ ਅਪਲਾਈ ਕੀਤੀ ਗਈ ਭਲਾਈ ਸਕੀਮ ਤੇ ਲਗਾਏ ਇਤਰਾਜ਼ਾਂ ਨੂੰ ਦੂਰ ਕਰਨ ਸਬੰਧੀ ਕਿਰਤੀਆਂ ਦੀ ਸਹਾਇਤਾ ਕਰਨਗੇ  ਤਾਂ ਜੋ ਉਸਾਰੀ ਕਿਰਤੀ ਬੋਰਡ ਦੀਆਂ ਸਕੀਮਾਂ ਦਾ ਲਾਭ ਪ੍ਰਾਪਤ ਕਰਨ ਸਕਣ।

ਕਿਰਤ ਮੰਤਰੀ ਨੇ ਇਹ ਵੀ ਆਦੇਸ਼ ਦਿੱਤੇ ਕਿ ਕਿਰਤ ਵਿਭਾਗ ਦੇ ਵੱਖ-ਵੱਖ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਯੂ-ਟਿਊਬ ‘ਤੇ ਅਕਾਊਂਟ ਬਣਾਏ ਜਾਣ ਤਾਂ ਜੋ ਸ਼ੋਸ਼ਲ ਮੀਡੀਆ ਉੱਤੇ ਵਿਭਾਗ ਦੀਆਂ ਗਤੀਵਿਧੀਆਂ ਅਤੇ ਸਰਗਰਮੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਸਕੇ।

ਕਿਰਤ ਮੰਤਰੀ ਨੇ ਕਿਹਾ ਕਿ ਸਬੰਧਤ ਕਿਰਤ ਅਧਿਕਾਰੀ ਦੇ ਦਫਤਰ ਵਿਚ ਤਕਨੀਕੀ ਸਹਾਇਤਾ ਉੱਤੇ ਅਧਾਰਿਤ ਹੈਲਪ ਡੈਸਕ ਬਣਾਇਆ ਜਾਵੇ ਅਤੇ  ਹਰ ਰੋਜ਼ ਸਵੇਰੇ 9 ਤੋਂ 12 ਵਜੇ ਤੱਕ ਕਿਰਤੀਆਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਇੰਸਪੈਕਟਰ/ਸਬੰਧਤ ਅਫਸਰ ਨਾਲ ਮਿਲ ਕੇ ਹੱਲ ਕਰਵਾਏਗਾ। ਕਿਰਤ ਮੰਤਰੀ ਨੇ ਕਿਹਾ ਕਿ ਉਸਾਰੀ ਕਿਰਤੀਆਂ ਤੋਂ ਲਏ ਜਾਣ ਵਾਲੇ ਫਾਰਮ ਨੰਬਰ 27 ਨੂੰ ਸਰਲ ਕੀਤਾ ਜਾਵੇ।

ਕਿਰਤ ਮੰਤਰੀ ਵੱਲੋਂ ਇਹ ਵੀ ਆਦੇਸ਼ ਦਿੱਤੇ ਗਏ ਕਿ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਅਧੀਨ ਜੋ ਲਾਭਪਾਤਰੀ ਕੰਪਿਊਟਰ ਦੀ ਜਾਣਕਾਰੀ ਨਹੀਂ ਰੱਖਦੇ, ਉਨ੍ਹਾਂ ਨਾਲ ਰਾਬਤਾ ਕਰ ਕੇ  ਉਨ੍ਹਾਂ ਦੀ ਰਜਿਸਟ੍ਰੇਸ਼ਨ/ਨਵੀਨੀਕਰਨ ਕਰਨ ਸਬੰਧੀ ਉਪਰਾਲੇ ਕੀਤੇ ਜਾਣ।

ਮੀਟਿੰਗ ਵਿਚ ਕਿਰਤ ਮੰਤਰੀ ਵੱਲੋਂ ਵੱਖ-ਵੱਖ ਕਿਰਤ ਕਾਨੂੰਨਾਂ ਤਹਿਤ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵੀ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾਂ ਕੀਤਾ ਗਿਆ।

ਮੀਟਿੰਗ ਵਿੱਚ ਰਾਜੀਵ ਕੁਮਾਰ ਗੁਪਤਾ, ਕਿਰਤ ਕਮਿਸ਼ਨਰ-ਕਮ-ਡਾਇਰੈਕਟਰ ਆਫ਼ ਫੈਕਟਰੀਜ਼, ਮੋਨਾ ਪੁਰੀ, ਵਧੀਕ ਕਿਰਤ ਕਮਿਸ਼ਨਰ,  ਨਰਿੰਦਰ ਸਿੰਘ, ਜੁਆਇੰਟ ਡਾਇਰੈਕਟਰ ਆਫ ਫੈਕਟਰੀਜ਼, ਜਤਿੰਦਰ ਪਾਲ ਸਿੰਘ, ਡਿਪਟੀ ਕਿਰਤ ਕਮਿਸ਼ਨਰ, ਗੋਰਵ ਪੁਰੀ, ਸਹਾਇਕ ਵੈਲਫੇਅਰ ਕਮਿਸ਼ਨਰ, ਜਸ਼ਨਦੀਪ ਸਿੰਘ ਕੰਗ, ਡਿਪਟੀ ਸਕੱਤਰ, ਪੰਜਾਬ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵੱਲੋਂ ਭਾਗ ਲਿਆ ਗਿਆ।

ਇਸ ਤੋਂ ਇਲਾਵਾ ਮੀਟਿੰਗ ਵਿੱਚ ਵਿਭਾਗ ਦੇ ਸਾਰੇ ਡਿਪਟੀ ਡਾਇਰੈਟਕਰ ਆਫ਼ ਫੈਕਟਰੀਜ਼, ਸਹਾਇਕ ਕਿਰਤ ਕਮਿਸ਼ਨਰ/ ਕਿਰਤ ਤੇ ਸੁਲਾਹ ਅਫ਼ਸਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *