ਗਣਤੰਤਰ ਦਿਵਸ ਰਿਹਰਸਲ; ਡੀ ਸੀ ਅਤੇ ਐਸ ਐਸ ਪੀ ਨੇ ਸਰਕਾਰੀ ਕਾਲਜ ਮੁਹਾਲੀ ਵਿਖੇ ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕੀਤਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 24 ਜਨਵਰੀ, 2024:
26 ਜਨਵਰੀ, 2024 ਨੂੰ ਸ਼ਹੀਦ ਮੇਜਰ (ਸ਼ੌਰਿਆ ਚੱਕਰ) ਹਰਮਿੰਦਰ ਪਾਲ ਸਿੰਘ ਸਰਕਾਰੀ ਕਾਲਜ, ਮੋਹਾਲੀ ਦੇ ਗਰਾਊਂਡ ਵਿਖੇ 75ਵੇਂ ਗਣਤੰਤਰ ਦਿਵਸ ਮੌਕੇ ਤਿਰੰਗਾ ਲਹਿਰਾਉਣ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਬਤੌਰ ਮੁੱਖ ਮਹਿਮਾਨ ਆਮਦ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫੁੱਲ ਡਰੈੱਸ ਰਿਹਰਸਲ ਕਰਵਾਈ ਗਈ, ਜਿਸ ਦੀਆਂ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਹਨ। ਡੀ ਸੀ ਆਸ਼ਿਕਾ ਜੈਨ ਨੇ ਐਸ ਐਸ ਪੀ ਡਾ. ਸੰਦੀਪ ਗਰਗ ਸਮੇਤ ਪਰੇਡ ਅਤੇ ਮਾਰਚ ਪਾਸਟ ਦਾ ਨਿਰੀਖਣ ਕੀਤਾ। ਪਰੇਡ ਕਮਾਂਡਰ ਡੀ ਐਸ ਪੀ ਸਪੈਸ਼ਲ ਬ੍ਰਾਂਚ ਹਰਸਿਮਰਤ ਸਿੰਘ ਛੇਤਰਾ ਦੀ ਅਗਵਾਈ ਵਿੱਚ ਮਾਰਚ ਪਾਸਟ ਵਿੱਚ ਤਿੰਨ ਪੁਲੀਸ ਟੁਕੜੀਆਂ, ਜਿਨ੍ਹਾਂ ਵਿੱਚ ਇੱਕ ਮਹਿਲਾ ਪੁਲੀਸ ਟੁਕੜੀ, ਐਨਸੀਸੀ ਕੈਡਿਟਾਂ ਦੀਆਂ ਪਲਟਨਾਂ ਅਤੇ ਵੱਖ-ਵੱਖ ਸਕੂਲਾਂ ਦੇ ਸਕੂਲੀ ਬੈਂਡ ਸ਼ਾਮਿਲ ਸਨ। ਡਿਪਟੀ ਕਮਿਸ਼ਨਰ ਨੇ ਸਮਾਰੋਹ ਦੌਰਾਨ ਕੜਾਕੇ ਦੀ ਠੰਡ ਦਾ ਮੁਕਾਬਲਾ ਕਰਨ ਲਈ ਭਾਗ ਲੈਣ ਵਾਲੇ ਸਾਰੇ 575 ਵਿਦਿਆਰਥੀਆਂ ਨੂੰ ਬਾਡੀ ਵਾਰਮਰ ਵੀ ਵੰਡੇ। 12 ਸਕੂਲਾਂ ਦੇ ਲਗਭਗ 600 ਵਿਦਿਆਰਥੀਆਂ ਨੇ ਦੇਸ਼ ਭਗਤੀ ਅਤੇ ਰਾਸ਼ਟਰੀ ਜੋਸ਼ ਨਾਲ ਭਰਪੂਰ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੜਾਕੇ ਦੀ ਠੰਢ ਦੇ ਬਾਵਜੂਦ ਸੱਭਿਆਚਾਰਕ ਸਮਾਗਮ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸੋਹਾਣਾ, ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਪੈਰਾਗਾਨ ਸਕੂਲ ਸੈਕਟਰ 70 ਮੁਹਾਲੀ, ਏ.ਪੀ.ਜੇ. ਸਕੂਲ ਮੁੰਡੀ ਖਰੜ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ 3ਬੀ1 ਮੋਹਾਲੀ, ਸ਼ਿਵਾਲਿਕ ਪਬਲਿਕ ਸਕੂਲ ਫੇਜ਼ 6 ਮੋਹਾਲੀ, ਸਰਕਾਰੀ ਪ੍ਰਾਇਮਰੀ ਸਕੂਲ 3ਬੀ1 ਮੋਹਾਲੀ ਦੇ ਸਪੈਸ਼ਲ ਬੱਚੇ ਅਤੇ ਪਰੇਡ ਵਿੱਚ ਭਾਗ ਲੈਣ ਵਾਲੀਆਂ ਪਲਟੂਨਾਂ ਵਿੱਚ ਸਰਕਾਰੀ ਕਾਲਜ ਮੁਹਾਲੀ, ਦੂਨ ਇੰਟਰਨੈਸ਼ਨਲ ਸਕੂਲ, ਸ਼ਿਵਾਲਿਕ ਪਬਲਿਕ ਸਕੂਲ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, 3ਬੀ1, ਮੁਹਾਲੀ ਦੀਆਂ ਬੈਂਡ ਟੀਮਾਂ ਸ਼ਾਮਲ ਸਨ। ਫੁੱਲ ਡਰੈਸ ਰਿਹਰਸਲ ਦਾ ਨਿਰੀਖਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਨੇ ਗਣਤੰਤਰ ਦਿਵਸ ਸਮਾਰੋਹ ਨੂੰ ਸਫ਼ਲ ਬਣਾਉਣ ਲਈ ਪ੍ਰਬੰਧਾਂ ਵਿੱਚ ਲੱਗੇ ਵੱਖ-ਵੱਖ ਵਿਭਾਗਾਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਇਸ ਕੌਮੀ ਮਹੱਤਤਾ ਦੇ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ ਅਤੇ ਯਕੀਨੀ ਬਣਾਇਆ ਜਾਵੇ ਕਿ ਕੌਮੀ ਮਹੱਤਵ ਦੇ ਦਿਵਸ ਨੂੰ ਪੂਰੀ ਦੇਸ਼ ਭਗਤੀ ਅਤੇ ਰਾਸ਼ਟਰੀ ਭਾਵਨਾ ਨਾਲ ਮਨਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਮਾਗਮ ਸਬੰਧੀ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ ਅਤੇ ਇਸ ਡਿਊਟੀ ਵਿੱਚ ਕਿਸੇ ਵੀ ਕਿਸਮ ਦੀ ਢਿੱਲਮੱਠ ਗੈਰਵਾਜਬ ਹੋਵੇਗੀ। ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਵਿੱਚ ਐਸ ਐਸ ਪੀ ਡਾ. ਸੰਦੀਪ ਗਰਗ, ਏ ਡੀ ਸੀ (ਜ) ਵਿਰਾਜ ਸ਼ਿਆਮਕਰਨ ਤਿੜਕੇ, ਕਮਿਸ਼ਨਰ ਐਮ ਸੀ ਸ੍ਰੀਮਤੀ ਨਵਜੋਤ ਕੌਰ, ਏ ਡੀ ਸੀ (ਯੂ ਡੀ) ਦਮਨਜੀਤ ਸਿੰਘ ਮਾਨ, ਏ ਡੀ ਸੀ (ਆਰ ਡੀ) ਸੋਨਮ ਚੌਧਰੀ, ਐਸ ਡੀ ਐਮ ਚੰਦਰਜੋਤੀ ਸਿੰਘ, ਸਹਾਇਕ ਕਮਿਸ਼ਨਰ (ਜ) ਹਰਜੋਤ ਮਾਵੀ, ਫੀਲਡ ਅਫ਼ਸਰ ਮੁੱਖ ਮੰਤਰੀ ਇੰਦਰ ਪਾਲ, ਸੰਯੁਕਤ ਕਮਿਸ਼ਨਰ ਐਮ ਸੀ ਕਿਰਨ ਸ਼ਰਮਾ, ਡੇਵੀ ਗੋਇਲ ਸਹਾਇਕ ਕਮਿਸ਼ਨਰ (ਯੂ ਟੀ), ਐਸ ਪੀਜ਼ ਜੋਤੀ ਯਾਦਵ ਅਤੇ ਮਨਪ੍ਰੀਤ ਸਿੰਘ, ਡੀ ਡੀ ਪੀ ਓ ਅਮਨਿੰਦਰ ਪਾਲ ਸਿੰਘ ਚੌਹਾਨ, ਡੀ ਈ ਓ ਡਾ. ਗਿੰਨੀ ਦੁੱਗਲ ਅਤੇ ਹੋਰ ਅਧਿਕਾਰੀ ਸ਼ਾਮਲ ਸਨ।

Leave a Reply

Your email address will not be published. Required fields are marked *