ਡੇਂਗੂ ਸਬੰਧੀ ਜਾਗਰੂਕਤਾ ਲਈ ਰੈਲੀ ਦਾ ਆਯੋਜਨ

ਐੱਸ.ਏ.ਐੱਸ. ਨਗਰ, 13 ਨਵੰਬਰ, 2024:

ਸਿਵਲ ਸਰਜਨ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਘੜੂੰਆਂ ਡਾ. ਅਰਵਿੰਦਪਾਲ ਸਿੰਘ ਦੀ ਅਗਵਾਈ ਵਿੱਚ ਪ੍ਰਾਇਮਰੀ ਹੈਲਥ ਸੈਂਟਰ ਪਿੰਡ ਘੜੂੰਆਂ ਵਿਖੇ ਡੇਂਗੂ ਵਿਰੁੱਧ ਜਾਗਰੂਕਤਾ ਰੈਲੀ ਕੱਢੀ ਗਈ।
ਸਿਹਤ ਵਿਭਾਗ ਦੇ ਪੈਰਾਮੈਡੀਕਲ ਸਟਾਫ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੇ ਸਰਸਵਤੀ ਨਰਸਿੰਗ ਕਾਲਜ ਘੜੂੰਆਂ ਦੇ ਵਿਦਿਆਰਥੀਆਂ ਨਾਲ ਮਿਲਕੇ ਵੱਖ-ਵੱਖ ਗਲੀਆਂ ਵਿਚੋਂ ਹੁੰਦੇ ਹੋਏ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਅਤੇ ਘਰ-ਘਰ ਮੱਛਰ ਦਾ ਲਾਰਵਾ ਵੀ ਚੈਕ ਕੀਤਾ।
ਸੀਨੀਅਰ ਮੈਡੀਕਲ ਅਫ਼ਸਰ ਸਿਹਤ ਬਲਾਕ ਘੜੂੰਆਂ ਡਾ. ਅਰਵਿੰਦਪਾਲ ਸਿੰਘ ਨੇ ਦੱਸਿਆ ਕਿ ਡੇਂਗੂ ਸਬੰਧੀ ਬਲਾਕ ਦੇ ਵੱਖ-ਵੱਖ ਸ਼ਹਿਰੀ, ਪੇਂਡੂ ਤੇ ਸਲੱਮ ਖੇਤਰਾਂ ਵਿੱਚ ਲਗਾਤਾਰ ਡੇਂਗੂ ਵਿਰੁੱਧ ਮੁਹਿੰਮ ਚਲਾ ਰਹੀਆਂ ਹਨ। ਪਿੰਡ ਬਲੌਂਗੀ, ਬਡਮਾਜਰਾ, ਮਟੌਰ, ਕੁੰਭੜਾ, ਬਡਾਲੀ, ਨਿਆਂ ਸ਼ਹਿਰ, ਬਡਾਲਾ, ਚੋਰਟਾ ਕਲਾਂ, ਮਦਨਹੇੜੀ, ਸੋਹਾਣਾ ਵਿਖੇ ਵੀ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਸਰਵੇਖਣ ਕੀਤਾ ਗਿਆ। ਟੀਮਾਂ ਨੇ ਘਰ-ਘਰ ਜਾ ਕੇ ਡੇਂਗੂ ਮੱਛਰ ਦੇ ਲਾਰਵੇ ਦੇ ਹੌਟਸਪੌਟਸ ਦਾ ਨਿਰੀਖਣ ਕੀਤਾ ਜਿਨ੍ਹਾਂ ਵਿਚ ਕੂਲਰ, ਫਰਿਜ਼ਾਂ ਦੇ ਪਿੱਛੇ ਟਰੇਆਂ, ਗਮਲਿਆਂ ਹੇਠ ਰੱਖੀਆਂ ਟਰੇਆਂ, ਪੰਛੀਆਂ ਵਾਸਤੇ ਪਾਣੀ ਨਾਲ ਭਰੇ ਭਾਂਡੇ ਅਤੇ ਖੁੱਲ੍ਹੇ ਵਿੱਚ ਪਏ ਬਰਤਨ ਆਦਿ ਸ਼ਾਮਲ ਸਨ। ਤੇਜ਼ ਬੁਖਾਰ ਹੋਣਾ, ਸਿਰ ਦਰਦ, ਮਾਸਪੇਸ਼ੀਆਂ ਵਿਚ ਦਰਦ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜ੍ਹਿਆਂ ਅਤੇ ਨੱਕ ਵਿਚੋਂ ਖੂਨ ਵਗਣਾ ਡੇਂਗੂ ਬੁਖਾਰ ਦੇ ਮੁੱਖ ਲੱਛਣ ਹਨ। ਉਨ੍ਹਾਂ ਦੱਸਿਆ ਕਿ ਡੇਂਗੂ ਤੋਂ ਘਬਰਾਉਣ ਦੀ ਲੋੜ ਨਹੀਂ ਬਲਕਿ ਬਿਮਾਰੀ ਤੋਂ ਸਾਵਧਾਨੀ ਵਰਤਣ ਤੇ ਜਾਗਰੂਕਤਾ ਦੀ ਜਰੂਰਤ ਹੈ ਅਤੇ ਉਹ ਆਪਣੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇ ਕੇ ਇਸ ਜਾਨਲੇਵਾ ਬਿਮਾਰੀ ਤੋਂ ਆਸਾਨੀ ਨਾਲ ਬਚ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਲੋਕਾਂ ਨੂੰ ਜਾਗਰੂਕ ਕਰਨਾ ਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਕਰਨਾ ਹੈ।
ਇਸ ਮੌਕੇ ਬਲਾਕ ਐਕਸਟੈਨਸ਼ਨ ਐਜੂਕੇਟਰ ਗੌਤਮ ਰਿਸ਼ੀ, ਮਲਟੀਪਰਪਜ਼ ਹੈਲਥ ਵਰਕਰ ਬਲਜਿੰਦਰ ਸਿੰਘ, ਕੁਲਜੀਤ ਸਿੰਘ, ਕੁਲਜਿੰਦਰ ਸਿੰਘ ਵੀ ਮੌਜੂਦ ਸਨ

Leave a Reply

Your email address will not be published. Required fields are marked *