ਸਿੱਖਿਆ ਦਾ ਮਿਆਰ ਉਚਾ ਚੁੱਕਣਾ ਪੰਜਾਬ ਸਰਕਾਰ ਦਾ ਮੁੱਖ ਟੀਚਾ- ਭੁੱਲਰ

 ਫਿਰੋਜ਼ਪੁਰ 7 ਸਤੰਬਰ 2024
    ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਉਦੇਸ਼ ਹਰ ਬੱਚੇ ਨੂੰ ਮਿਆਰੀ ਸਿੱਖਿਆ ਦਿਵਾਉਣਾ ਹੈ। ਇਸ ਮਕਸਦ ਲਈ ‘ਸਕੂਲ ਆਫ ਐਮੀਨੈਂਸ ਖੋਲ੍ਹੇ ਗਏ ਹਨ। ਇਹ ਪ੍ਰਗਟਾਵਾ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਨੇ ਫਿਰੋਜ਼ਪੁਰ ਦੇ ਸਕੂਲ ਆਫ ਐਮੀਨੈਂਸ ਦਾ ਦੌਰਾ ਕਰਨ ਮੌਕੇ ਕੀਤਾ।
 ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਸਕੂਲ ਦੇ ਅਧਿਆਪਕਾਂ ਅਤੇ ‌ਵਿਦਿਆਰਥੀਆਂ ਨਾਲ ਮੁਲਾਕਾਤ ਕਰਕੇ ਸਕੂਲ ਦੀਆਂ ਭਵਿੱਖੀ ਯੋਜਨਾਵਾਂ ਉਪਰ ਚਰਚਾ ਕੀਤੀ ਤੇ ਆਪਣੇ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ। ਉਨਾਂ ਸਕੂਲ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਮਹਿਤਾ ਨੂੰ ਕਿਹਾ ਕਿ ਜੇਕਰ ਸਕੂਲ ਵਿੱਚ ਕੋਈ ਵੀ ਕੰਮ ਅਧੂਰਾ ਹੈ ਤਾਂ ਉਹ ਬੇਝਿਜਕ ਹੋ ਕੇ ਉਹਨਾਂ ਦੇ ਧਿਆਨ ਵਿੱਚ ਲਿਆਉਣ ਤਾਂ ਜੋ ਅਧੂਰੇ ਪਏ ਕੰਮ ਨੂੰ ਵੀ ਜਲਦ ਤੋਂ ਜਲਦ ਪੂਰਾ ਕੀਤਾ ਜਾ ਸਕੇ। ਉਨ੍ਹਾਂ ਸਕੂਲ ਦੀ ਹੋਰ ਬਿਹਤਰੀ ਲਈ ਸਕੂਲ ਦੇ ਅਧਿਆਪਕਾਂ ਤੋਂ ਸੁਝਾਅ ਲਏ ਅਤੇ ਕਿਹਾ ਕਿ ਜੇਕਰ ਸਕੂਲ ਵਿੱਚ ਹੋਰ ਸਟਾਫ ਜਾਂ ਕਿਸੇ ਵੀ ਚੀਜ਼ ਦੀ ਲੋੜ ਹੈ ਤਾਂ ਉਹ ਉਹਨਾਂ ਨੂੰ ਦੱਸਣ।
 ਵਿਧਾਇਕ ਭੁੱਲਰ ਨੇ ਅੱਗੇ ਕਿਹਾ ਕਿ ਸਿੱਖਿਆ ਦਾ ਮਿਆਰ ਉਚਾ ਚੁੱਕਣਾ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਤਾਂ ਇਕ ਸ਼ੁਰੂਆਤ ਹੈ, ਇਸ ਤੋਂ ਅੱਗੇ ਸਿੱਖਿਆ ਦੇ ਖੇਤਰ ਵਿਚ ਅਜੇ ਹੋਰ ਵੀ ਕਈ ਸਹੂਲਤਾਂ ਦਿੱਤੀਆਂ ਜਾਣੀਆਂ ਬਾਕੀ ਹਨ, ਜਿਨ੍ਹਾਂ ਰਾਹੀਂ ਸਾਡੇ ਸਕੂਲਾਂ ਦੇ ਬੱਚੇ ਚੰਗੀ ਵਿੱਦਿਆ ਹਾਸਲ ਕਰ ਸਕਣਗੇ।
ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿੱਖਿਆ ਦੇ ਵਿਕਾਸ ਪੱਖੀ ਸੋਚ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਸਕੂਲ ਆਫ਼ ਐਮੀਨੈਂਸ’ ਹੋਣਹਾਰ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਦੀਆਂ ਸੰਸਥਾਵਾਂ ਵਜੋਂ ਸਿੱਖਿਆ ਖੇਤਰ ਵਿਚ ਨਵਾਂ ਇਨਕਲਾਬ ਲੈ ਕੇ ਆਏ ਹਨ ਕਿਉਂਕਿ‌ ਇਨ੍ਹਾਂ ਸਕੂਲਾਂ  ਦਾ ਉਦੇਸ਼ ਹੋਣਹਾਰ ਅਤੇ ਕਾਬਲ ਵਿਦਿਆਰਥੀਆਂ ਖਾਸ ਕਰਕੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਪਣੇ ਸੁਪਨੇ ਸਾਕਾਰ ਕਰਨ ਲਈ ਸੇਧ ਅਤੇ ਮੌਕਾ ਦੇਣਾ ਹੈ ਤਾਂ ਕਿ ਇਹ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ ‘ਚ ਦੇਸ਼ ਦੇ ਬਾਕੀ ਬੱਚਿਆਂ ਨੂੰ ਪਛਾੜ ਕੇ ਚੰਗੇ ਰੈਂਕ ਹਾਸਲ ਕਰ ਸਕਣ।
 ਇਸ ਮੌਕੇ ਲੈਕਚਰਾਰ ਮਲਕੀਤ ਹਰਾਜ, ਕਮਲਦੀਪ, ਲਲਿਤ ਕੁਮਾਰ, ਮੈਡਮ ਮਨਜੀਤ ਭੱਲਾ, ਭੁਪਿੰਦਰ ਕੌਰ, ਅਵਿੰਦਰ ਕੌਰ, ਦਵਿੰਦਰ ਨਾਥ, ਬਲਰਾਜ ਸਿੰਘ ,ਸਰਬਜੀਤ ਸਿੰਘ ਤੋਂ ਇਲਾਵਾ  ਰਾਜ ਬਹਾਦਰ ਸਿੰਘ ਗਿੱਲ , ਸਰਬਜੀਤ ਸਿੰਘ, ਗੁਰਭੇਜ ਸਿੰਘ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *