ਪੰਜਾਬ ਸਰਕਾਰ ਪਿੰਡਾਂ ਵਿੱਚ ਖੇਡ ਸੱਭਿਆਚਾਰ ਵਿਕਸਿਤ ਕਰਨ ਲਈ ਤਿਆਰ ਕਰੇਗੀ ਖੇਡ ਮੈਦਾਨ- ਲਾਲਜੀਤ ਸਿੰਘ ਭੁੱਲਰ

ਅਬੋਹਰ 8 ਸਤੰਬਰ

ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਵਿੱਚ ਖੇਡ ਸਹੂਲਤਾਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਖੇਡ ਮੈਦਾਨ ਤਿਆਰ ਕਰਵਾਏਗੀ। ਇਹ ਗੱਲ ਪੰਜਾਬ ਦੇ ਪੰਚਾਇਤ ਅਤੇ ਟਰਾਂਸਪੋਰਟ ਮੰਤਰੀ ਸ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਕਿੱਲਿਆਂਵਾਲੀ ਵਿਖੇ ਇੱਕ ਪੇਂਡੂ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚਦਿਆਂ ਆਖੀ।

 ਇਹ ਟੂਰਨਾਮੈਂਟ ਸ ਕਪੂਰ ਸਿੰਘ ਜਾਖੜ ਮਮੋਰੀਅਲ ਸਪੋਰਟਸ ਕਲੱਬ ਵੱਲੋਂ ਸਵਰਗੀ ਸ ਸੁਖਵਿੰਦਰ ਸਿੰਘ ਸੁੱਖੀ ਜਾਖੜ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਸੀ।

 ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ੍ਰੀ ਲਾਲਜੀਤ ਸਿੰਘ ਭੁੱਲਰ ਨੇ ਆਖਿਆ ਕਿ ਅਬੋਹਰ ਇਲਾਕੇ ਦੇ ਪਿੰਡ ਦੀਵਾਨ ਖੇੜਾ ਵਿੱਚ ਇੱਕ ਵੱਡਾ ਸਪੋਰਟਸ ਕੰਪਲੈਕਸ ਤਿਆਰ ਕੀਤਾ ਜਾਵੇਗਾ ਜਿੱਥੇ ਵੱਖ ਵੱਖ ਖੇਡਾਂ ਦੀਆਂ ਗਰਾਊਂਡਾਂ ਹੋਣਗੀਆਂ। ਇਸ ਤੋਂ ਬਿਨਾਂ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਨੀਤੀ ਅਨੁਸਾਰ ਤਿੰਨ ਚਾਰ ਪਿੰਡਾਂ ਦੇ ਸਮੂਹ ਬਣਾ ਕੇ ਉਹਨਾਂ ਲਈ ਖੇਡ ਮੈਦਾਨ ਤਿਆਰ ਕਰਵਾਏ ਜਾਣਗੇ ਤਾਂ ਜੋ  ਨੌਜਵਾਨਾ  ਦੀ ਊਰਜਾ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ ।

ਇਸ ਮੌਕੇ ਉਨਾਂ ਨੇ ਆਖਿਆ ਕਿ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਪਿਛਲੀਆਂ ਸਰਕਾਰਾਂ ਸਮੇਂ ਵਿਕਾਸ ਕਾਰਜ ਨਹੀਂ ਹੋਏ ਜਦਕਿ ਹੁਣ ਸੂਬਾ ਸਰਕਾਰ ਵੱਲੋਂ ਇਥੇ ਵੱਡੇ ਪੱਧਰ ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ । ਉਹਨਾਂ ਨੇ ਐਲਾਨ ਕੀਤਾ ਕਿ ਅਬੋਹਰ ਹਲਕੇ ਦੇ 20 ਪਿੰਡਾਂ ਵਿੱਚ ਥਾਪਰ ਮਾਡਲ ਨਾਲ ਛੱਪੜਾਂ ਨੂੰ ਵਿਕਸਿਤ ਕੀਤਾ ਜਾਵੇਗਾ ਤਾਂ ਜੋ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਸਕੇ।

 ਇਸ ਮੌਕੇ ਉਹਨਾਂ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਖੇਡਾਂ ਵਿੱਚ ਚੰਗੀ ਕਾਰਗੁਜ਼ਾਰੀ ਕਰਨ ਵਾਲੇ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਨੌਕਰੀਆਂ ਦੇ ਕੇ ਸਨਮਾਨਿਤ ਕਰਦੀ ਹੈ ।

ਇਸ ਤੋਂ ਪਹਿਲਾਂ ਬੋਲਦਿਆਂ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਅਰੁਣ ਨਾਰੰਗ ਨੇ ਆਖਿਆ ਕਿ ਅਬੋਹਰ ਇਲਾਕੇ ਵਿੱਚ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਨ ਤੋਂ ਬਾਅਦ ਵੱਡੇ ਪੱਧਰ ਤੇ ਵਿਕਾਸ ਕਾਰਜ ਹੋਏ ਹਨ। ਉਹਨਾਂ ਨੇ ਇਸ ਮੌਕੇ ਕੈਬਨਿਟ ਮੰਤਰੀ ਸਾਹਮਣੇ ਇਲਾਕੇ ਵਿੱਚ ਪੀਣ ਦੇ ਪਾਣੀ, ਛੱਪੜਾਂ ਦੀ ਸਫਾਈ, ਸਪੋਰਟਸ ਕੰਪਲੈਕਸ, ਲਾਈਬਰੇਰੀ ਆਦਿ ਸਬੰਧੀ ਮੰਗਾਂ ਵੀ ਰੱਖੀਆਂ ।

ਇਸ ਤੋਂ ਪਹਿਲਾਂ ਪੰਜਾਬ ਐਗਰੋ ਦੇ ਚੇਅਰਮੈਨ ਸ਼ਮਿੰਦਰ ਸਿੰਘ ਖਿੰਡਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਸੰਬੋਧਨ ਕੀਤਾ। ਨਗਰ ਵਿੱਚ ਪਹੁੰਚਣ ਤੇ ਸੀਨੀਅਰ ਆਪ ਆਗੂ ਉਪਕਾਰ ਸਿੰਘ ਜਾਖੜ ਨੇ ਕੈਬਨਿਟ ਮੰਤਰੀ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਉਨਾਂ ਨੇ ਪਿੰਡ ਵੱਲੋਂ ਮੰਗ ਪੱਤਰ ਵੀ ਕੈਬਨਟ ਮੰਤਰੀ ਨੂੰ ਸੌਂਪਿਆ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਮਰਿੰਦਰ ਸਿੰਘ ਮੱਲੀ, ਐਸਡੀਐਮ ਪੰਕਜ ਬਾਂਸਲ, ਇਕਬਾਲ ਸਿੰਘ ਢਿੱਲੋ, ਹਰਮਿੰਦਰ ਸਿੰਘ, ਟਹਿਲ ਸਿੰਘ, ਵਿਨੋਦ ਕੁਮਾਰ, ਹੈਪੀ ਬਾਠ, ਨਵਜੋਤ ਸਿੰਘ ਆਦਿ ਵੀ ਹਾਜ਼ਰ ਸਨ।

ਇਸ ਮੌਕੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਪਿੰਡ ਕਿੱਲਿਆਂਵਾਲੀ ਵਿੱਚ ਨਵੇਂ ਬਣੇ ਖੇਡ ਸਟੇਡੀਅਮ ਦੇ ਉਦਘਾਟਨ ਤੋਂ ਬਿਨਾਂ ਲਗਭਗ 80 ਲੱਖ ਦੇ ਹੋਰ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਹ ਪੱਥਰ ਵੀ ਰੱਖੇ।

 ਇਸ ਤੋਂ ਪਹਿਲਾਂ ਕੈਬਨਟ ਮੰਤਰੀ ਨੇ ਅਬੋਹਰ ਵਿਖੇ ਸ੍ਰੀ ਅਰੁਣ ਨਾਰੰਗ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਬੋਹਰ ਇਲਾਕੇ ਵਿੱਚ ਪੰਚਾਇਤ ਵਿਭਾਗ ਵੱਲੋਂ 20 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ ਕਰਵਾਏ ਗਏ ਹਨ। ਪੰਚਾਇਤ ਚੋਣਾਂ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਆਖਿਆ ਕਿ ਪੰਚਾਇਤੀ ਚੋਣਾਂ ਜਲਦ ਹੀ ਹੋਣਗੀਆਂ। ਇਸ ਮੌਕੇ ਉਨਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਸਰਕਾਰ ਨੇ ਪੰਚਾਇਤਾਂ ਵਿੱਚ ਰਾਖਵੇਂਕਰਨ ਦੀ ਨੀਤੀ ਵਿੱਚ ਬਦਲਾਅ ਕੀਤਾ ਹੈ ਅਤੇ ਜਿਲ੍ਹੇ ਦੀ ਬਜਾਏ ਹੁਣ ਬਲਾਕ ਨੂੰ ਇਕਾਈ ਮੰਨ ਕੇ ਰਾਖਵਾਂਕਰਨ ਦਿੱਤਾ ਜਾਵੇਗਾ। ਇਸ ਨਾਲ ਕਿਸੇ ਵੀ ਭਾਈਚਾਰੇ ਦੇ ਹੱਕ ਮਾਰੇ ਨਹੀਂ ਜਾਣਗੇ ਅਤੇ ਆਬਾਦੀ ਅਨੁਸਾਰ ਰਾਖਵਾਂਕਰਨ ਮਿਲੇਗਾ। ਇਸ ਮੌਕੇ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਪੰਚਾਇਤੀ ਜਮੀਨਾਂ ਤੋਂ ਪੰਜਾਬ ਸਰਕਾਰ ਵੱਲੋਂ ਲਗਾਤਾਰ ਕਬਜ਼ੇ ਛੁੜਾਏ ਜਾ ਰਹੇ ਹਨ।

Leave a Reply

Your email address will not be published. Required fields are marked *