ਗੜ੍ਹਸ਼ੰਕਰ/ਹੁਸ਼ਿਆਰਪੁਰ, 22 ਅਪ੍ਰੈਲ: ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਕੀਮਤੀ ਸਮੇਂ ਨੂੰ ਬਚਾਉਣ ਅਤੇ ਉਨ੍ਹਾਂ ਨੂੰ ਬਿਹਤਰ ਵਿਦਿਅਕ ਮਾਹੌਲ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸਕੂਲਾਂ ਨੂੰ ਆਧੁਨਿਕ ਸਹੂਲਤਾਂ ਨਾਲ ਲੈਸ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਜਾਣਕਾਰੀ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ ਦੇ ਚਾਰ ਸਰਕਾਰੀ ਸਕੂਲਾਂ ਵਿੱਚ 23.50 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦੇ ਉਦਘਾਟਨ ਮੌਕੇ ਦਿੱਤੀ।
ਡਿਪਟੀ ਸਪੀਕਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਿਹਪੁਰ ਖੁਰਦ ਵਿੱਚ ਨਵੀਂ ਸਾਇੰਸ ਲੈਬ, ਸਰਕਾਰੀ ਪ੍ਰਾਇਮਰੀ ਸਕੂਲ ਅਕਾਲਗੜ੍ਹ ਵਿੱਚ ਸਕੂਲ ਦੀ ਇਮਾਰਤ ਦੀ ਮੁਰੰਮਤ, ਪ੍ਰਾਇਮਰੀ ਸਕੂਲ ਐਮਾਂ ਮਾਗਟ ਅਤੇ ਰਾਏਪੁਰ ਗੁੱਜਰਾਂ ਵਿੱਚ ਸਕੂਲਾਂ ਦੀ ਚਾਰਦੀਵਾਰੀ ਦੀ ਉਸਾਰੀ ਵਰਗੇ ਕੰਮਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਤੋਂ ਲੈ ਕੇ ਬੁਨਿਆਦੀ ਢਾਂਚੇ ਦੇ ਨਿਰਮਾਣ ਤੱਕ ਕਈ ਇਨਕਲਾਬੀ ਕਦਮ ਚੁੱਕੇ ਹਨ। ਇਸ ਵਚਨਬੱਧਤਾ ਤਹਿਤ, ਭਵਿੱਖ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਵਿਕਾਸ ਕਾਰਜ ਜਾਰੀ ਰਹਿਣਗੇ।
ਡਿਪਟੀ ਸਪੀਕਰ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ ਜਿੱਥੇ ਸਕੂਲਾਂ ਵਿੱਚ ਕੈਂਪਸ ਮੈਨੇਜਰ ਅਤੇ ਸੁਰੱਖਿਆ ਗਾਰਡ ਨਿਯੁਕਤ ਕੀਤੇ ਗਏ ਹਨ, ਜੋ ਕਿ ਸਰਕਾਰ ਦੀ ਸਕੂਲਾਂ ਪ੍ਰਤੀ ਗੰਭੀਰ ਸੋਚ ਦੀ ਸਪੱਸ਼ਟ ਉਦਾਹਰਣ ਹੈ। ਇਸ ਮੌਕੇ ਪਿੰਡਾਂ ਦੀਆਂ ਪੰਚਾਇਤਾਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਸਨ।
ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਕੀਤਾ ਲੈਸ: ਡਿਪਟੀ ਸਪੀਕਰ

