ਪੰਜਾਬ ਸਿੱਖਿਆ ਕ੍ਰਾਂਤੀ’: ਚੌਥੇ ਦਿਨ ਬਰਿੰਦਰ ਕੁਮਾਰ ਗੋਇਲ ਵੱਲੋਂ ਲਹਿਰਾ ਹਲਕੇ ਦੇ ਅੱਠ ਸਕੂਲਾਂ ਵਿੱਚ 1.61 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ

ਚੰਡੀਗੜ੍ਹ/ਖਨੌਰੀ/ਲਹਿਰਾ, 17 ਅਪ੍ਰੈਲ:

ਲਹਿਰਾਗਾਗਾ ਹਲਕੇ ਦੇ ਸਕੂਲਾਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਦੀ ਲੜੀ ਤਹਿਤ ਅੱਜ ਚੌਥੇ ਦਿਨ ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ‘ਪੰਜਾਬ ਸਿੱਖਿਆ ਕ੍ਰਾਂਤੀ’ ਮੁਹਿੰਮ ਤਹਿਤ ਅੱਠ ਸਰਕਾਰੀ ਸਕੂਲਾਂ ਵਿੱਚ ਲਗਭਗ 1.61 ਕਰੋੜ ਰੁਪਏ ਦੇ ਵਿਕਾਸ ਕਾਰਜ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ।

ਇਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਪੂਰੇ ਜੋਸ਼ ਨਾਲ ਹਰ ਲੋੜੀਂਦੀ ਕੋਸ਼ਿਸ਼ ਜਾਰੀ ਰਹੇਗੀ।

ਇਸ ਲੜੀ ਤਹਿਤ ਕੈਬਨਿਟ ਮੰਤਰੀ ਨੇ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਗਹਿਲਾਂ ‘ਚ 10.25 ਲੱਖ, ਸਰਕਾਰੀ ਹਾਈ ਸਕੂਲ ਮਹਾਂ ਸਿੰਘ ਵਾਲਾ ‘ਚ 35.17 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਮਹਾਂ ਸਿੰਘ ਵਾਲਾ ‘ਚ 12.07 ਲੱਖ, ਸਰਕਾਰੀ ਹਾਈ ਸਕੂਲ ਭੂਲਣ ‘ਚ 38.86 ਲੱਖ, ਸਰਕਾਰੀ ਹਾਈ ਸਕੂਲ ਗੁਲਾੜੀ ‘ਚ 21.89 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾੜੀ ‘ਚ 2.31 ਲੱਖ, ਸਰਕਾਰੀ ਪ੍ਰਾਇਮਰੀ ਸਕੂਲ ਠਸਕਾ ‘ਚ 10.19 ਲੱਖ ਅਤੇ ਸਰਕਾਰੀ ਹਾਈ ਸਕੂਲ ਚੱਠਾ ਗੋਬਿੰਦਪੁਰਾ ‘ਚ 30.02 ਲੱਖ ਰੁਪਏ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਸਬੰਧੀ ਕੰਮਾਂ ਨੂੰ ਲੋਕ ਅਰਪਿਤ ਕੀਤਾ।

ਇਸ ਮੌਕੇ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸਿੱਖਿਆ ਅਤੇ ਸਿਹਤ ਵਰਗੇ ਅਹਿਮ ਖੇਤਰਾਂ ਨੂੰ ਬਿਲਕੁਲ ਅਣਗੌਲਿਆਂ ਕਰਕੇ ਰੱਖਿਆ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਨ੍ਹਾਂ ਦੋਵਾਂ ਖੇਤਰਾਂ ਵਿੱਚ ਕ੍ਰਾਂਤੀਕਾਰੀ ਸੁਧਾਰ ਲਿਆਉਣ ਲਈ ਗੰਭੀਰਤਾ ਨਾਲ ਯਤਨ ਕਰ ਰਹੀ ਹੈ ਤਾਂ ਵਿਰੋਧੀਆਂ ਨੂੰ ਇਹ ਹਜ਼ਮ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਇਲਜ਼ਾਮ ਲਗਾਉਂਦੇ ਹਨ ਕਿ ਉਨ੍ਹਾਂ ਦੀ ਸਰਕਾਰ ਪਖਾਨਿਆਂ ਦਾ ਉਦਘਾਟਨ ਕਰ ਰਹੀ ਹੈ ਪਰ ਉਹ ਇਹ ਭੁੱਲ ਜਾਂਦੇ ਹਨ ਕਿ ਸਾਡੀਆਂ ਧੀਆਂ ਲਈ ਇਹ ਪਖਾਨੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਖਾਨਿਆਂ ਦੀ ਅਣਹੋਂਦ ਕਾਰਨ ਸਾਡੀਆਂ ਧੀਆਂ ਨੂੰ ਪਹਿਲਾਂ ਖੁੱਲ੍ਹੇ ਵਿੱਚ ਜਾਂ ਖੇਤਾਂ ਵਿੱਚ ਜਾਣਾ ਪੈਂਦਾ ਸੀ ਜੋ ਹੱਦ ਤੋਂ ਵੱਧ ਸ਼ਰਮ ਵਾਲੀ ਗੱਲ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਅਧਿਆਪਕਾਂ ਦੇ ਸਿੱਖਿਆ ਦੇ ਹੁਨਰ ਨੂੰ ਹੋਰ ਨਿਖਾਰਨ ਲਈ ਤਰ੍ਹਾਂ-ਤਰ੍ਹਾਂ ਦੀਆਂ ਸਿਖਲਾਈ ਯੋਜਨਾਵਾਂ ਅਪਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਹੁਣ ਅਧਿਆਪਕਾਂ ਨੂੰ ਸਾਡੇ ਦੇਸ਼ ਦੀਆਂ ਹੀ ਨਹੀਂ ਸਗੋਂ ਵਿਦੇਸ਼ਾਂ ਦੀਆਂ ਆਧੁਨਿਕ ਤੇ ਬਿਹਤਰੀਨ ਸੰਸਥਾਵਾਂ ਵਿੱਚ ਸਿਖਲਾਈ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹੁਣ ਸੌਰ ਊਰਜਾ ਪੈਦਾ ਕਰਨ ਲਈ ਸੋਲਰ ਪੈਨਲ, ਸਕੂਲੀ ਵਿਦਿਆਰਥੀਆਂ ਲਈ ਬੱਸ ਸੁਵਿਧਾ, ਸਕਿਉਰਿਟੀ ਗਾਰਡ, ਚੌਕੀਦਾਰ, ਮਜ਼ਬੂਤ ਚਾਰਦੀਵਾਰੀ ਸਮੇਤ ਹਰ ਲੋੜੀਂਦੀ ਸੁਵਿਧਾ ਉਪਲਬਧ ਕਰਵਾਈ ਜਾ ਰਹੀ ਹੈ।

ਇਸ ਮੌਕੇ  ਡੀ.ਈ.ਓ. ਪ੍ਰਾਇਮਰੀ ਬਲਵਿੰਦਰ ਕੌਰ, ਪੀ. ਏ. ਰਾਕੇਸ ਕੁਮਾਰ ਗੁਪਤਾ, ਕਮਲ ਸ਼ਰਮਾ, ਜਗਤਾਰ ਸਿੰਘ ਜੱਗਾ, ਕਰਮਤੇਜ ਸਿੰਘ, ਗੁਰਦਿਆਲ ਸਿੰਘ, ਜੋਗੀ ਰਾਮ ਭੁੱਲਣ, ਜੀਤ ਸਿੰਘ, ਦਰੀਆ ਰਾਮ, ਮਨਜੀਤ ਸਿੰਘ ਨੰਬਰਦਾਰ, ਮਾਸਟਰ ਰਮੇਸ਼ ਕੁਮਾਰ, ਰਿਸ਼ੀ ਪਾਲ ਸਰਪੰਚ ਪਿੰਡ ਗੁਲਾੜੀ, ਤੇਜਬੀਰ ਸਿੰਘ ਠਸਕਾ, ਗੁਰਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਰਾਜ ਕੁਮਾਰ, ਸਰਪੰਚ ਨਿਸ਼ਾਨ ਸਿੰਘ ਚੱਠਾ ਗੋਬਿੰਦਪੁਰਾ, ਸਕੂਲਾਂ ਦਾ ਸਟਾਫ, ਵਿਦਿਆਰਥੀ ਅਤੇ ਹੋਰ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *