ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਤੋਂ ਘਰ ਘਰ ਜਾ ਕੇ ਵੋਟ ਪੁਆਉਣ ਦੀ ਪ੍ਰਕਿਰਿਆ ਸ਼ੁਰੂ

ਮੋਗਾ, 27 ਮਈ (000) – ਅਗਾਮੀ ਲੋਕ ਸਭਾ ਚੋਣਾਂ ਦੌਰਾਨ ਪੋਲ ਫ਼ੀਸਦ ਨੂੰ ਵਧਾਉਣ ਲਈ ਇਸ ਵਾਰ ਭਾਰਤੀ ਚੋਣ ਕਮਿਸ਼ਨ ਵਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾ ਰਹੇ ਹਨ। ਇਹਨਾਂ ਉਪਰਾਲਿਆਂ ਤਹਿਤ ਹੀ ਇਸ ਵਾਰ 85 ਸਾਲ ਤੋਂ ਵਧੇਰੀ ਉਮਰ ਵਾਲੇ ਵੋਟਰਾਂ ਅਤੇ ਦਿਵਿਆਂਗ ਵੋਟਰਾਂ ਤੋਂ ਘਰ ਘਰ ਜਾ ਕੇ ਵੋਟ ਪੁਆਉਣ ਦੀ ਸਹੂਲਤ ਦਿੱਤੀ ਗਈ ਹੈ। ਜ਼ਿਲ੍ਹਾ ਮੋਗਾ ਵਿੱਚ ਬਜ਼ੁਰਗ ਅਤੇ ਦਿਵਿਆਂਗ ਵੋਟਰਾਂ ਤੋਂ ਘਰ ਘਰ ਜਾ ਕੇ ਵੋਟ ਪੁਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਮੋਗਾ ਵਿੱਚ 447 ਵੋਟਰਾਂ ਨੇ ਆਪਣੇ ਘਰ ਤੋਂ ਵੋਟ ਪਾਉਣ ਦੀ ਸਹੂਲਤ ਲੈਣ ਲਈ ਅਨੈਕਸਚਰ 12 ਡੀ ਭਰ ਕੇ ਦਿੱਤਾ ਸੀ। ਇਹਨਾਂ ਵੋਟਰਾਂ ਵਿੱਚ 335 ਵੋਟਰ ਉਹ ਹਨ ਜੋ ਕਿ 85 ਸਾਲ ਜਾਂ ਇਸਤੋਂ ਵੱਧ ਉਮਰ ਦੇ ਹਨ, ਜਦਕਿ 112 ਵੋਟਰ ਦਿਵਿਆਂਗ ਹਨ। ਉਹਨਾਂ ਕਿਹਾ ਕਿ ਘਰ ਘਰ ਤੋਂ ਵੋਟ ਪਾਉਣ ਦੀ ਪ੍ਰਕਿਰਿਆ 27 ਅਤੇ 28 ਮਈ ਨੂੰ ਚਲਾਈ ਜਾਣੀ ਹੈ।
ਦੱਸਣਯੋਗ ਹੈ ਕਿ ਅੱਜ ਮੋਗਾ ਦੀ ਗੀਤਾ ਕਾਲੋਨੀ ਸਥਿਤ 186 ਨੰਬਰ ਪੋਲਿੰਗ ਬੂਥ ਦੀ ਵੋਟਰ ਪ੍ਰੇਮ ਰਾਣੀ ਨੇ ਘਰ ਘਰ ਤੋਂ ਵੋਟ ਪਾਉਣ ਦੀ ਮੁਹਿੰਮ ਤਹਿਤ ਸਭ ਤੋਂ ਪਹਿਲਾਂ ਵੋਟ ਪਾਈ। ਉਹਨਾਂ ਨੇ ਭਾਰਤੀ ਚੋਣ ਕਮਿਸ਼ਨ ਦੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਸਨੂੰ ਖੁਸ਼ੀ ਹੈ ਕਿ ਉਸਦੀ ਵੋਟ ਪਾਈ ਗਈ ਹੈ। ਉਹਨਾਂ ਕਿਹਾ ਕਿ ਉਹ ਚੱਲਣ ਫਿਰਨ ਤੋਂ ਅਸਮਰੱਥ ਹੈ। ਇਸ ਕਰਕੇ ਉਸਨੂੰ ਡਰ ਸੀ ਕਿ ਸ਼ਾਇਦ ਉਹ ਵੋਟ ਨਾ ਪਾ ਸਕੇ। ਪਰ ਚੋਣ ਕਮਿਸ਼ਨ ਦੀ ਇਸ ਸਹੂਲਤ ਨਾਲ ਉਹ ਵੀ ਦੇਸ਼ ਦੇ ਲੋਕਤੰਤਰ ਨੂੰ ਮਜ਼ਬੂਤ ਕਰਨ ਵਿੱਚ ਆਪਣਾ ਯੋਗਦਾਨ ਪਾਉਣ ਦੇ ਕਾਬਿਲ ਹੋ ਸਕੀ ਹੈ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਜ਼ਿਲ੍ਹਾ ਮੋਗਾ ਵਿਚ ਵੋਟ ਫ਼ੀਸਦ ਨੂੰ ਵਧਾਉਣ ਲਈ ਲੋਕਾਂ ਨੂੰ ਵੋਟਾਂ ਵਾਲੇ ਦਿਨ ਬੂਥਾਂ ਉੱਪਰ ਹਰੇਕ ਮੁੱਢਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਇਸ ਲਈ ਉਹ ਸਾਰੇ ਪਰਿਵਾਰ ਸਹਿਤ ਆਪਣੀ ਵੋਟ ਦਾ ਇਸਤੇਮਾਲ ਕਰਨ। ਲੋਕਤੰਤਰ ਮਜ਼ਬੂਤ ਕਰਨ ਲਈ ਜ਼ਿਲ੍ਹਾ ਵਾਸੀ ਵੋਟ ਕਰਨ ਲਈ ਜ਼ਰੂਰ ਆਉਣ। ਬੂਥਾਂ ਉੱਪਰ ਸ਼ਾਮਿਆਨੇ ਦਾ ਪ੍ਰਬੰਧ ਹੋਵੇਗਾ ਤਾਂ ਕਿ ਵੋਟਰਾਂ ਨੂੰ ਧੁੱਪ ਤੋਂ ਬਚਾਇਆ ਜਾ ਸਕੇ। ਲਾਈਨ ਵਿੱਚ ਲੱਗ ਕੇ ਜਿਆਦਾ ਸਮਾਂ ਇੰਤਜਾਰ ਨਾ ਕਰਨਾ ਪਵੇ ਇਸ ਲਈ ਬੈਠਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਬਜ਼ੁਰਗਾਂ ਅਤੇ ਦਿਵਿਆਂਗਜਨਾਂ ਨੂੰ ਘਰੋਂ ਲੈ ਕੇ ਅਤੇ ਛੱਡ ਕੇ ਆਉਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਬੂਥ ਉੱਪਰ ਗਰਮੀ ਤੋਂ ਬਚਾਅ ਵਾਸਤੇ ਪੱਖੇ ਕੂਲਰ ਆਦਿ ਦਾ ਵੀ ਪ੍ਰਬੰਧ ਹੋਵੇਗਾ ਅਤੇ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਵੀ ਲਗਾਈਆਂ ਜਾਣਗੀਆਂ। ਵਲੰਟੀਅਰ ਵੋਟਰਾਂ ਦੀ ਜ਼ਰੂਰਤ ਅਨੁਸਾਰ ਸਹਾਇਤਾ ਵੀ ਕਰਨਗੇ  ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੂੰ ਤੋਹਫ਼ੇ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ।

Leave a Reply

Your email address will not be published. Required fields are marked *