ਪਿੰਡਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਜਲਦ ਹੋਣਗੀਆਂ ਹੱਲ: ਵਿਧਾਇਕ ਕੁਲਵੰਤ ਸਿੰਘ

ਐੱਸ.ਏ.ਐਸ.ਨਗਰ, 23 ਜੁਲਾਈ:

ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ  ਤਹਿਤ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਅਧੀਨ ਪੈਂਦੇ ਪਿੰਡ ਕੰਬਾਲੀ ਵਿਖੇ ਇਲਾਕੇ ਦੇ ਲੋਕਾਂ ਦੇ ਰੋਜ਼ਾਨਾਂ ਦੇ ਕੰਮਾਂ ਨੂੰ ਅਤੇ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਸੁਵਿਧਾ ਕੈਂਪ ਲਗਾਇਆ ਗਿਆ, ਜਿਸ ਵਿੱਚ ਕੰਬਾਲਾ, ਚਿੱਲਾ ਤੇ ਪਾਪੜੀ ਸਮੇਤ ਚਾਰ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਪਿੰਡਾਂ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਪੁੱਜ ਕੇ ਵੱਖ-ਵੱਖ ਅਧਿਕਾਰੀਆਂ ਦੇ ਕੋਲੋਂ ਵੱਖ- ਵੱਖ ਵਿਭਾਗਾਂ ਨਾਲ ਸਬੰਧਤ ਕੰਮ ਕਰਵਾਏ।

ਇਸ ਮੌਕੇ ਕੈਂਪ ਦਾ ਜਾਇਜ਼ਾ ਲੈਣ ਪੁੱਜੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਨੇ ਕਿਹਾ ਕਿ ਬਿਨਾਂ ਸ਼ੱਕ ਇਹਨਾਂ ਸੁਵਿਧਾ ਕੈਂਪਾਂ ਦਾ ਇਲਾਕੇ ਦੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਫਾਇਦਾ ਹੋ ਰਿਹਾ ਹੈ। ਇਹਨਾਂ ਕੈਂਪਾਂ ਸਦਕਾ ਪਿਛਲੇ ਸਮਿਆਂ ਦੌਰਾਨ ਲੋਕਾਂ ਨੂੰ ਦਫਤਰਾਂ ਵਿੱਚ ਹੁੰਦੀ ਖੱਜਲ-ਖੁਆਰੀ ਤੋਂ ਬਚਾਅ ਹੋਇਆ ਹੈ ਅਤੇ ਉਹਨਾਂ ਦਾ ਸਮਾਂ ਅਜਾਈ ਜਾਣ ਤੋਂ ਬਚਿਆ ਹੈ।

ਗਮਾਡਾ ਨਾਲ ਸਬੰਧਤ ਲੋਕਾਂ ਨੂੰ ਦਰਪੇਸ਼ ਵੱਡੀਆਂ ਸਮੱਸਿਆਵਾਂ ਸਬੰਧੀ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਸਪਸ਼ਟ ਕਿਹਾ ਕਿ ਮੋਹਾਲੀ ਹਲਕੇ ਦੇ ਪਿੰਡਾਂ ਵਿੱਚ ਪਾਣੀ ਦੀ ਨਿਕਾਸੀ ਅਤੇ ਹੋਰ ਸਮੱਸਿਆਵਾਂ ਦਾ ਹੱਲ ਨਹੀਂ ਹੋ ਰਿਹਾ ਤੇ ਇਸ ਸਬੰਧੀ ਉਹ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨਗੇ ਅਤੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਜੋ-ਜੋ ਵੀ ਗਮਾਡਾ ਨਾਲ ਸਬੰਧਤ ਹਨ, ਨੂੰ ਹੱਲ ਕਰਵਾਇਆ ਜਾਵੇਗਾ।

ਸ. ਕੁਲਵੰਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਦਿੱਤੀਆਂ ਗਰੰਟੀਆਂ ਲਗਾਤਾਰ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਜੋ ਗਰੰਟੀਆਂ ਦਿੱਤੀਆਂ ਸਨ , ਉਹਨਾਂ ਤੋਂ ਵੀ ਵੱਧ ਕੰਮ ਕੀਤਾ ਜਾ ਰਿਹਾ ਹੈ। ਸਾਰਾ ਪ੍ਰਸ਼ਾਸਨ ਲੋਕਾਂ ਦੇ ਘਰਾਂ ਦੇ ਨੇੜੇ ਪੁੱਜਾ ਹੈ। ਜਿੱਥੇ ਲੋਕਾਂ ਨੂੰ ਸਕੀਮਾਂ ਦਾ ਲਾਭ ਦਿੱਤਾ ਜਾ ਰਿਹਾ, ਓਥੇ ਸਕੀਮਾਂ ਬਾਰੇ ਜਾਗਰੂਕ ਵੀ ਕੀਤਾ ਜਾ ਰਿਹਾ ਹੈ।

ਐਸ ਡੀ ਐਮ ਮੋਹਾਲੀ ਦੀਪਾਂਕਰ ਗਰਗ ਨੇ ਦੱਸਿਆ ਕਿ ਕੈਂਪ ਵਿੱਚ ਮੌਜੂਦ ਲਗਪਗ 14 ਤੋਂ ਵਧੇਰੇ ਵਿਭਾਗਾਂ ਨੇ ਲੋਕਾਂ ਦੀਆਂ ਅਰਜ਼ੀਆਂ ਹਾਸਲ ਕੀਤੀਆਂ ਅਤੇ ਕੁਝ ਵਿੱਚ ਮੌਕੇ ਤੇ ਵੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਕੈਂਪ ਦਾ ਉਦੇਸ਼ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਰਕਾਰੀ ਸੁਵਿਧਾਵਾਂ ਉਪਲਬਧ ਕਰਵਾਉਣਾ ਹੈ। ਲੋਕ ਸਰਕਾਰ ਵੱਲੋਂ ਘਰ ਆ ਕੇ ਦਿਤੀਆਂ ਜਾਂਦੀਆਂ 43 ਸੇਵਾਵਾਂ ਟੋਲ ਫ੍ਰੀ ਨੰਬਰ 1076 ਡਾਇਲ ਕਰਕੇ ਵੀ ਹਾਸਿਲ ਕੀਤੀਆਂ ਜਾ ਸਕਦੀਆਂ ਹਨ।

ਹਲਕਾ ਵਿਧਾਇਕ ਨੇ ਕਿਹਾ ਕਿ ਅਧਿਕਾਰੀ ਲੋਕਾਂ ਦੇ ਹਰ ਸਵਾਲ ਦਾ ਜਵਾਬ ਦੇ ਰਹੇ ਹਨ ਤੇ ਹਰ ਮੁਸ਼ਕਲ ਹੱਲ ਕੀਤੀ ਜਾ ਰਹੀ ਹੈ। ਵਿਧਾਇਕ ਨੇ ਕਿਹਾ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਅੱਜ ਸੂਬੇ ਦੇ 86 ਫ਼ੀਸਦ ਲੋਕਾਂ ਦੇ ਬਿਜਲੀ ਦੇ ਬਿੱਲ ਸਿਫ਼ਰ ਆ ਰਹੇ ਹਨ। ਕੈਂਪ ਦੌਰਾਨ ਹਲਕਾ ਵਿਧਾਇਕ ਨੇ ਹਰ ਵਿਭਾਗ ਦੇ ਡੈਸਕ ਕੋਲ ਜਾ ਕੇ ਉਹਨਾਂ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਹਰਸ਼ ਕੰਬਾਲੀ, ਗੁਰਮੁੱਖ ਸਿੰਘ ਕੰਬਾਲਾ, ਧੀਰਜ ਕੁਮਾਰ ਬਲਾਕ ਪ੍ਰਧਾਨ, ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ, ਡਾਕਟਰ ਕੁਲਦੀਪ ਸਿੰਘ, ਡਾਕਟਰ ਰਵਿੰਦਰ ਸਿੰਘ ਵੀ ਹਾਜ਼ਰ ਸਨ।

ਕੈਪਸ਼ਨ: ਵਿਧਾਇਕ ਕੁਲਵੰਤ ਸਿੰਘ ਪਿੰਡ ਕੰਬਾਲੀ ਵਿਖੇ ਲਗਾਏ ਗਏ ਸੁਵਿਧਾ ਕੈਂਪ ਦਾ ਜਾਇਜ਼ਾ ਲੈਂਦਾ ਹੋਇਆ।

Leave a Reply

Your email address will not be published. Required fields are marked *