ਜ਼ਿਲ੍ਹੇ ’ਚ ਪਲਸ-ਪੋਲੀਉ ਮੁਹਿੰਮ ਦੀਆਂ ਤਿਆਰੀਆਂ ਮੁਕੰਮਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,  01 ਮਾਰਚ:

ਜ਼ਿਲ੍ਹੇ ਵਿਚ ਪਲਸ ਪੋਲੀਉ ਮੁਹਿੰਮ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਸਬੰਧ ’ਚ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਰੇਨੂੰ ਸਿੰਘ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਗਿਰੀਸ਼ ਡੋਗਰਾ ਨੇ ਦਸਿਆ ਕਿ ‘ਨੈਸ਼ਨਲ ਇਮੀਉਨਾਈਜ਼ੇਸ਼ਨ ਡੇਅ (ਐਨ.ਆਈ.ਡੀ)’ ਮੁਹਿੰਮ 3 ਮਾਰਚ ਤੋਂ 5 ਮਾਰਚ ਤਕ ਚੱਲੇਗੀ, ਜਿਸ ਦੌਰਾਨ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਉ-ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ। ਉਨ੍ਹਾਂ ਦਸਿਆ ਕਿ ਮੁਹਿੰਮ ਦੇ ਪਹਿਲੇ ਦਿਨ ਹਰ ਖੇਤਰ ’ਚ ਸਥਾਪਤ ਬੂਥਾਂ ’ਤੇ ਬੂੰਦਾਂ ਪਿਲਾਈਆਂ ਜਾਣਗੀਆਂ ਜਦਕਿ ਬਾਕੀ ਦੋ ਦਿਨ ਸਿਹਤ ਕਾਮੇ ਘਰ-ਘਰ ਜਾ ਕੇ ਪੋਲੀਉ-ਰੋਕੂ ਦਵਾਈ ਪਿਲਾਉਣਗੇ। ਉਨ੍ਹਾਂ ਦਸਿਆ ਕਿ ਮੁਹਿੰਮ ਦੌਰਾਨ ਘਰਾਂ, ਉਚ-ਜੋਖਮ ਵਾਲੇ ਖੇਤਰਾਂ, ਭੱਠਿਆਂ, ਨਿਰਮਾਣ ਸਥਾਨਾਂ, ਬਸਤੀਆਂ, ਝੁੱਗੀਆਂ, ਡੇਰਿਆਂ ਆਦਿ ਸਮੇਤ ਹਰ ਥਾਂ ’ਤੇ ਰਹਿੰਦੇ ਬੱਚਿਆਂ ਨੂੰ ਕਵਰ ਕੀਤਾ ਜਾਵੇਗਾ। ਜ਼ਿਲ੍ਹੇ ’ਚ ਕੁੱਲ 1,56,830 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ, ਜਿਸ ਲਈ ਕੁੱਲ 1270 ਸਿਹਤ ਟੀਮਾਂ ਬਣਾਈਆਂ ਗਈਆਂ ਹਨ। ਪਹਿਲੇ ਦਿਨ ਜ਼ਿਲ੍ਹੇ ’ਚ ਵੱਖ-ਵੱਖ ਥਾਈਂ 635 ਬੂਥ ਲਗਾਏ ਜਾਣਗੇ। ਇਸ ਤੋਂ ਇਲਾਵਾ ਰੈਗੂਲਰ ਬੂਥ ਚਾਲੂ ਰਹਿਣਗੇ।
ਸਿਹਤ ਅਧਿਕਾਰੀਆਂ ਨੇ ਕਿਹਾ ਕਿ ਜ਼ਿਲ੍ਹਾ ਸਿਹਤ ਵਿਭਾਗ ਯਕੀਨੀ ਬਣਾਏਗਾ ਕਿ ਕੋਈ ਵੀ ਬੱਚਾ ਦਵਾਈ ਪੀਣ ਤੋਂ ਵਾਂਝਾ ਨਾ ਰਹੇ। ਇਸ ਸਬੰਧ ’ਚ ਸਿਹਤ ਕਾਮਿਆਂ ਨੂੰ ਸਿਖਲਾਈ ਪਹਿਲਾਂ ਹੀ ਦਿਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਦਵਾਈ ਸਮੇਤ ਹੋਰ ਪ੍ਰਬੰਧ ਕੀਤੇ ਜਾ ਚੁੱਕੇ ਹਨ। ਸਿਹਤ ਟੀਮਾਂ ਵਿਚ ਡਾਕਟਰ, ਐਲ.ਐਚ.ਵੀ., ਏ.ਐਨ.ਐਮਜ਼, ਹੈਲਥ ਇੰਸਪੈਕਟਰ, ਸਿਹਤ ਵਰਕਰ, ਆਸ਼ਾ ਵਰਕਰ ਆਦਿ ਸ਼ਾਮਲ ਹਨ। ਮੁਹਿੰਮ ਦੀ ਸਫ਼ਲਤਾ ਲਈ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ ਦੀ ਵੀ ਮਦਦ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਅਤੇ ਸੀਨੀਅਰ ਮੈਡੀਕਲ ਅਫ਼ਸਰਾਂ ਦੀਆਂ ਵੀ ਡਿਊਟੀਆਂ ਲਗਾਈਆਂ ਗਈਆਂ ਹਨ ਜਿਹੜੇ ਆਪੋ-ਅਪਣੇ ਖੇਤਰ ’ਚ ਮੁਹਿੰਮ ਦੀ ਨਿਗਰਾਨੀ ਕਰਨਗੇ।

ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜ ਸਾਲ ਤੋਂ ਘੱਟ ਉਮਰ ਵਾਲੇ ਅਪਣੇ ਹਰ ਬੱਚੇ ਨੂੰ ਪੋਲੀਉ- ਰੋਕੂ ਦਵਾਈ ਪਿਲਾਉਣ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਨੂੰ ਪਹਿਲਾਂ ਹੀ ਪੋਲੀਉ-ਮੁਕਤ ਐਲਾਨਿਆ ਹੋਇਆ ਹੈ ਪਰ ਪੋਲੀਉ-ਮੁਕਤੀ ਨੂੰ ਕਾਇਮ ਰੱਖਣ ਲਈ ਬੱਚਿਆਂ ਨੂੰ ਲਗਾਤਾਰ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ। ਹਰ ਮਾਂ-ਬਾਪ 5 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਦਵਾਈ ਜ਼ਰੂਰ ਪਿਲਾਏ ਭਾਵੇਂ ਬੱਚੇ ਦਾ ਕੁਝ ਘੰਟੇ ਪਹਿਲਾਂ ਹੀ ਜਨਮ ਕਿਉਂ ਨਾ ਹੋਇਆ ਹੋਵੇ ਜਾਂ ਬੇਸ਼ੱਕ ਬੱਚੇ ਨੂੰ ਖੰਘ, ਜ਼ੁਕਾਮ, ਬੁਖ਼ਾਰ, ਦਸਤ ਜਾਂ ਹੋਰ ਕੋਈ ਬੀਮਾਰੀ ਹੋਵੇ ਕਿਉਂਕਿ ਇਹ ਦਵਾਈ ਪੀਣ ਨਾਲ ਕੋਈ ਮਾੜਾ ਅਸਰ ਨਹੀਂ ਹੁੰਦਾ।

Leave a Reply

Your email address will not be published. Required fields are marked *