ਫਾਜ਼ਿਲਕਾ ਦੇ 13 ਥਾਣਿਆਂ ਦੀ ਪੁਲਿਸ ਨਸ਼ਾ-ਸੁਰ ਦੀ ਸੰਘੀ ਨੱਪਣ ਲਈ ਨਿਕਲੀ, ਆਈਜੀ, ਐਸਐਸਪੀ ਨੇ ਕੀਤੀ ਅਗਵਾਈ

ਫਾਜ਼ਿਲਕਾ 1 ਮਾਰਚ
ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਰੰਭ ਕੀਤੇ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਡੀਜੀਪੀ ਸ੍ਰੀ ਗੌਰਵ ਯਾਦਵ ਤੇ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਜ਼ਿਲੇ ਦੇ 13 ਥਾਣਿਆਂ ਦੀ ਪੁਲਿਸ ਵੱਲੋਂ ਅੱਜ ਨਸ਼ੇ ਦੇ ਕਾਲੇ ਕਾਰੋਬਾਰ ਦਾ ਲੱਕ ਤੋੜਨ ਲਈ ਸੱਕੀ ਥਾਂਵਾਂ ਤੇ ਇੱਕ ਵਿਸ਼ੇਸ਼ ਤਲਾਸੀ ਅਭਿਆਨ ਚਲਾਇਆ ਗਿਆ। ਇਸ ਦੀ ਨਿਗਰਾਨੀ ਲਈ ਸ੍ਰੀ ਬਲਜੋਤ ਸਿੰਘ ਰਾਠੌੜ ਆਈਪੀਐਸ ਆਈਜੀ ਜੀਆਰਪੀ ਪਟਿਆਲਾ ਵਿਸ਼ੇਸ਼ ਤੌਰ ਤੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਪਹੁੰਚੇ। ਜ਼ਿਲ੍ਹੇ ਦੇ ਐਸਐਸਪੀ ਸ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ 2 ਐਸਪੀ, 4 ਡੀਐਸਪੀ ਅਤੇ 13 ਥਾਣਾ ਮੁਖੀਆਂ ਨੇ ਵੱਡੀ ਪੁਲਿਸ ਫੋਰਸ ਨਾਲ ਜ਼ਿਲ੍ਹੇ ਵਿੱਚ ਦਰਜਨਾਂ ਥਾਵਾਂ ਤੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ।
ਇਸ ਦੌਰਾਨ ਆਈਜੀ ਸ਼੍ਰੀ ਬਲਜੋਤ ਸਿੰਘ ਰਾਠੋੜ ਅਤੇ ਐਸਐਸਪੀ ਸ੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਫਾਜ਼ਿਲਕਾ ਅਤੇ ਜਲਾਲਾਬਾਦ ਇਲਾਕੇ ਵਿੱਚ ਚੱਲ ਰਹੀ ਇਸ ਮੁਹਿੰਮ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ।
ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈਜੀ ਸ਼੍ਰੀ ਬਲਜੋਤ ਸਿੰਘ ਰਾਠੌੜ ਆਈਪੀਐਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਫੈਸਲਾ-ਕੁੰਨ ਲੜਾਈ ਵਿੱਢੀ ਗਈ ਹੈ ਅਤੇ ਪੰਜਾਬ ਪੁਲਿਸ ਇਹ ਯਕੀਨੀ ਬਣਾਏਗੀ ਕਿ ਨਸ਼ੇ ਦੀ ਤਸਕਰੀ ਨੂੰ ਸਖ਼ਤੀ ਨਾਲ ਰੋਕਿਆ ਜਾਵੇ। ਉਨਾਂ ਨੇ ਕਿਹਾ ਕਿ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਤਹਿਤ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਕਿਸੇ ਵੀ ਮਾੜੇ ਅਨਸਰ ਨੂੰ ਬਖਸ਼ਿਆ ਨਹੀਂ ਜਾਵੇਗਾ।
ਐਸਐਸਪੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ੇ ਦੀ ਅਲਾਮਤ ਨੂੰ ਖਤਮ ਕਰਨ ਲਈ ਪੁਲਿਸ ਵੱਲੋਂ ਵਿਆਪਕ ਅਭਿਆਨ ਵਿਢਿੱਆ ਗਿਆ ਹੈ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਕੋਈ ਵੀ ਨਸ਼ਾ ਤਸਕਰ ਜਿਲ੍ਹੇ ਵਿੱਚ ਨਾ ਰਹੇ।

Leave a Reply

Your email address will not be published. Required fields are marked *