ਪੁਲਿਸ ਤਿਓਹਾਰਾਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜਰ ਪੂਰੀ ਤਰਾਂ ਮੁਸਤੈਦ-ਆਈ.ਜੀ ਉਮਰਾਨੰਗਲ

ਫਾਜ਼ਿਲਕਾ, 9 ਅਕਤੂਬਰ
ਡੀ.ਜੀ.ਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਫਾਜ਼ਿਲਕਾ ਪੁਲਿਸ ਵੱਲੋਂ ਅੱਜ ਜ਼ਿਲ੍ਹੇ ਭਰ ਵਿਚ ਵਿਸੇਸ਼ ਜਾਂਚ ਅਭਿਆਨ (CASO) ਚਲਾਇਆ ਗਿਆ। ਜਿਸ ਦੀ ਅਗਵਾਈ ਫਾਜ਼ਿਲਕਾ ਜ਼ਿਲ੍ਹੇ ਵਿਚ ਆਈ.ਜੀ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਨੇ ਕੀਤੀ। ਜ਼ਿਲ੍ਹੇ ਦੇ ਐਸ.ਐਸ.ਪੀ ਵਰਿੰਦਰ ਸਿੰਘ ਬਰਾੜ ਵੀ ਵਿਸੇਸ਼ ਤੌਰ ਤੇ ਉਨ੍ਹਾਂ ਦੇ ਨਾਲ ਰਹੇ। ਇਸ ਸਬੰਧ ਵਿਚ ਫਾਜ਼ਿਲਕਾ ਦੇ ਰੇਲਵੇ ਸਟੇਸ਼ਨ ਤੇ ਜਿੱਥੇ ਪੁਲਿਸ ਵੱਲੋਂ ਵਿਆਪਕ ਪੱਧਰ ਤੇ ਸਰਚ ਅਭਿਆਨ ਚਲਾਇਆ ਗਿਆ ਉਥੇ ਹੀ ਵੱਖ ਵੱਖ ਸਬ ਡਵੀਜਨਾਂ ਵਿਚ ਵੀ ਇਸੇ ਤਰਾਂ ਦੇ ਜਾਂਚ ਅਭਿਆਨ ਚਲਾਏ ਗਏ।
ਇਸ ਮੌਕੇ ਰੇਲਵੇ ਸਟੇਸ਼ਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਜੀ ਸ੍ਰੀ ਪਰਮਰਾਜ ਸਿੰਘ ਉਮਰਾਨੰਗਲ ਆਈ.ਪੀ.ਐਸ ਨੇ ਆਖਿਆ ਕਿ ਤਿਓਹਾਰਾਂ ਅਤੇ ਪੰਚਾਇਤੀ ਚੋਣਾਂ ਦੇ ਮੱਦੇਨਜਰ ਪੁਲਿਸ ਪੂਰੀ ਤਰਾਂ ਨਾਲ ਮੁਸਤੈਦ ਹੈ। ਉਨ੍ਹਾਂ ਨੇ ਕਿਹਾ ਕਿ ਤਿਓਹਾਰਾਂ ਕਾਰਨ ਪੁਲਿਸ ਵੱਲੋਂ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਚਾਇਤ ਚੋਣਾਂ ਵਿਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਚੋਣਾਂ ਪੂਰੀ ਤਰਾਂ ਨਿਰਪੱਖ ਅਤੇ ਸਾਂਤਮਈ ਤਰੀਕੇ ਨਾਲ ਕਰਵਾਈਆਂ ਜਾਣਗੀਆਂ।
ਸ੍ਰੀ ਉਮਰਾਨੰਗਲ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਦੱਸਿਆ ਕਿ ਕਾਸੋ ਓਪਰੇਸ਼ਲ ਇਕ ਵਿਆਪਕ ਜਾਂਚ ਮੁਹਿੰਮ ਹੁੰਦੀ ਹੈ ਅਤੇ ਇਸਦੇ ਚੰਗੇ ਨਤੀਜੇ ਨਿਕਲਦੇ ਹਨ। ਇਸ ਦੌਰਾਨ ਜਿੱਥੇ ਅਨੇਕਾਂ ਦੋਸ਼ੀ ਫੜੇ ਜਾਂਦੇ ਹਨ, ਉਥੇ ਹੀ ਇਸ ਤਰਾਂ ਦੇ ਓਪਰੇਸ਼ਨ ਨਾਲ ਮਾੜੇ ਅਨਸਰਾਂ ਵਿਚ ਕਾਨੂੰਨ ਦਾ ਡਰ ਵੱਧਦਾ ਹੈ ਅਤੇ ਆਮ ਲੋਕਾਂ ਦਾ ਪੁਲਿਸ ਤੇ ਵਿਸਵਾਸ਼ ਵੱਧਦਾ ਹੈ।
ਆਈ.ਜੀ ਨੇ ਅੱਗੇ ਕਿਹਾ ਕਿ ਫਾਜ਼ਿਲਕਾ ਇਕ ਸਰਹੱਦੀ ਜ਼ਿਲ੍ਹਾ ਹੈ ਅਤੇ ਕੌਮਾਂਤਰੀ ਸਰਹੱਦ ਦੇ ਨਾਲ ਨਾਲ ਰਾਜਸਥਾਨ ਨਾਲ ਲੱਗਦੀ ਸਰਹੱਦ ਤੇ ਵੀ ਪੁਲਿਸ ਵੱਲੋਂ ਚੌਕਸੀ ਰੱਖੀ ਜਾ ਰਹੀ ਹੈ ਅਤੇ ਅੰਤਰ ਰਾਜੀ ਸਰਹੱਦ ਤੇ ਹਾਈਟੈਕ ਨਾਕਿਆਂ ਰਾਹੀਂ ਚੌਕਸੀ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਮਾੜੇ ਅਨਸਰ ਦੇ ਰਾਜ ਵਿੱਚ ਦਾਖਲੇ ਨੂੰ ਵਰਜਿਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਨਸ਼ਿਆਂ ਖਿਲਾਫ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਗਾਤਾਰ ਅਜਿਹੇ ਮਾੜੇ ਕੰਮ ਵਿਚ ਲੱਗੇ ਲੋਕਾਂ ਨੂੰ ਸਲਾਖ਼ਾਂ ਪਿੱਛੇ ਭੇਜਿਆ ਜਾ ਰਿਹਾ ਹੈ।
ਇਸ ਮੌਕੇ ਐਸ.ਐਸ.ਪੀ ਸ੍ਰੀ ਵਰਿੰਦਰ ਸਿੰਘ ਬਰਾੜ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਅਤੇ ਤਿਓਹਾਰਾਂ ਤੇ ਪੰਚਾਇਤ ਚੋਣਾਂ ਲਈ ਜ਼ਿਲ੍ਹਾ ਪੁਲਿਸ ਪੂਰੀ ਤਰਾਂ ਤਿਆਰ ਹੈ।

ਇਸ ਮੌਕੇ ਐਸ.ਪੀ ਸ੍ਰੀ ਪ੍ਰਦੀਪ ਸਿੰਘ ਸੰਧੂ,  ਡੀ.ਐਸ.ਪੀ ਸਬ ਡਵੀਜ਼ਨ ਫਾਜ਼ਿਲਕਾ ਤਰਸੇਮ ਮਸੀਹ ਆਦਿ ਵੀ ਹਾਜਰ ਸਨ। ਦੂਜੇ ਪਾਸੇ ਜਲਾਲਾਬਾਦ ਵਿੱਚ ਡੀ.ਐਸ.ਪੀ ਸ੍ਰੀ ਜਤਿੰਦਰ ਸਿੰਘ ਦੀ ਅਗਵਾਈ ਵਿਚ ਅਤੇ ਅਬੋਹਰ ਵਿਖੇ ਡੀ.ਐਸ.ਪੀ ਸ੍ਰੀ ਸੁਖਵਿੰਦਰ ਸਿੰਘ ਅਤੇ ਡੀ.ਐਸ.ਪੀ ਸ੍ਰੀ ਤੇਜਿੰਦਰਪਾਲ ਸਿੰਘ ਦੀ ਅਗਵਾਈ ਵਿਚ CASO ਤਹਿਤ ਗਹਿਣ ਤਲਾਸ਼ੀ ਅਭਿਆਨ ਚਲਾਇਆ ਗਿਆ।

Leave a Reply

Your email address will not be published. Required fields are marked *