ਲੋਕਾਂ ਨੂੰ ਘਰ ਬੈਠੇ ਮਿਲਣਗੀਆਂ ਨਾਗਰਿਕ ਸੇਵਾਵਾਂ: ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਫਰਵਰੀ 2024 : ਜ਼ਿਲ੍ਹੇ ਵਿਚ ਸੇਵਾ ਕੇਂਦਰਾਂ ਰਾਹੀਂ ਦਿੱਤੀਆਂ ਜਾ ਰਹੀਆਂ ਨਾਗਰਿਕ ਸੇਵਾਵਾਂ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮੁੱਚੀਆਂ ਸੇਵਾਵਾਂ ਹਰ ਹਾਲ ਸਮੇਂ ਸਿਰ ਦਿੱਤੀਆਂ ਜਾਣ ਨੂੰ ਯਕੀਨੀ ਬਣਾਇਆ ਜਾਵੇ ਅਤੇ ਪੈਂਡਿੰਗ ਸੇਵਾਵਾਂ ਬਾਰੇ ਰੋਜ਼ਾਨਾ ਨੋਡਲ ਅਧਿਕਾਰੀ ਨੂੰ ਸੂਚਨਾ ਭੇਜੀ ਜਾਵੇ।

ਸ੍ਰੀ ਥੋਰੀ ਨੇ ਅਧਿਕਾਰੀਆਂ ਨਾਲ ਵੀਡਿਓ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਘਰੇ ਬੈਠੇ 1076 ’ਤੇ ਫੋਨ ਕਰਨ ਉਪਰੰਤ ਦਿੱਤੀਆਂ ਜਾ ਰਹੀਆਂ 43 ਨਾਗਰਿਕ ਸੇਵਾਵਾਂ ਅਤੇ 6 ਫਰਵਰੀ ਤੋਂ ਜ਼ਿਲ੍ਹੇ ਵਿਚ ’ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਲੱਗਣ ਵਾਲੇ ਕੈਂਪਾਂ ਦੀਆਂ ਤਿਆਰੀਆਂ ਬਾਰੇ ਜਾਣਕਾਰੀ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀ ਥੋਰੀ ਨੇ ਕਿਹਾ ਕਿ ਨਾਗਰਿਕ ਸੇਵਾਵਾਂ ਲੈਣ ਵਾਲੇ ਲੋਕ ਘਰ  ਬੈਠੇ ਹੀ ਇਹ ਸਹੂਲਤ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿਚ ਲੋਕਾਂ ਨੂੰ 43 ਨਾਗਰਿਕ ਸੇਵਾਵਾਂ ਮੌਕੇ ’ਤੇ ਪ੍ਰਦਾਨ ਕਰਨ ਦੇ ਨਾਲ-ਨਾਲ ਵੱਖ-ਵੱਖ ਵਿਭਾਗਾਂ ਨਾਲ ਸਬੰਧਿਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ’ਆਪ ਦੀ ਸਰਕਾਰ ਆਪ ਦੇ ਦੁਆਰ’ ਪ੍ਰੋਗਰਾਮ ਤਹਿਤ ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕੈਂਪ ਵਿਚ ਮੌਜੂਦ ਰਹਿ ਕੇ ਲੋਕਾਂ ਨੂੰ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਬਾਰੇ ਵਿਸਥਾਰ ਵਿਚ ਜਾਣੂ ਕਰਵਾਉਣਗੇ।

ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕ ਸੇਵਾਵਾਂ ਦੀਆਂ ਅਰਜ਼ੀਆਂ ਦੀ ਪੈਂਡੈਂਸੀ ਦੀ ਰੋਜ਼ਾਨਾਂ ਸਮੀਖਿਆ ਕਰਨ ਅਤੇ ਇਸ ਬਾਰੇ ਨੋਡਲ ਅਧਿਕਾਰੀ ਨੂੰ ਜਾਣੂ ਕਰਵਾਉਂਦਿਆਂ ਪੈਂਡਿੰਗ ਸੇਵਾਵਾਂ ਜਲਦ ਤੋਂ ਜਲਦ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਐਸ.ਡੀ.ਐਮਜ਼ ਨੂੰ ਕਿਹਾ ਕਿ ਆਪੋ-ਆਪਣੇ ਖੇਤਰਾਂ ਵਿਚ ’ਆਪ ਦੀ ਸਰਕਾਰ ਆਪ ਦੇ ਦੁਆਰ’ ਕੈਂਪਾਂ ਦੀ ਲੋੜੀਂਦੀ ਤਿਆਰੀ ਨੂੰ ਸਮੇਂ ਸਿਰ ਮੁਕੰਮਲ ਕਰਵਾ ਕੇ ਕੈਂਪ ਵਾਲੀ ਨਿਸ਼ਚਿਤ ਥਾਂ ਦੀ ਸੂਚਨਾ ਲੋਕਾਂ ਤੱਕ ਪਹੁੰਚਾਈ ਜਾਵੇ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਨ੍ਹਾਂ ਕੈਂਪਾਂ ਦਾ ਲਾਭ ਲੈਂਦਿਆਂ ਲੋੜੀਂਦੀਆਂ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ।

               ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਸ੍ਰੀ ਵਿਵੇਕ ਮੋਦੀ ਆਈ.ਏ.ਐਸ. ਨੇ ਦੱਸਿਆ ਕਿ ’ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਲੋਕਾ ਨੂੰ ਸੁਵਿਧਾਵਾਂ ਦੇਣ ਲਈ ਹਰੇਕ ਸਭ ਡਵੀਜਨ ਵਿੱਚ 4 ਕੈਂਪ ਲਗਾਏ ਜਾਣਗੇ ਅਤੇ ਇਕ ਦਿਨ ਵਿੱਚ 24 ਕੈਂਪ ਲੱਗਣਗੇ। ਉਨਾਂ ਦੱਸਿਆ ਕਿ ਇਨਾਂ ਕੈਂਪਾਂ ਵਿੱਚ 43 ਨਾਗਰਿਕ ਸੇਵਾਵਾਂ ਤੋਂ ਇਲਾਵਾ ਕੈਂਪ ਵਿੱਚ ਸਰਪੰਚ ਪਟਵਾਰੀ, ਨੰਬਰਦਾਰ, ਸੀ.ਡੀ.ਪੀ.ਓ., ਪੀ.ਐਸ.ਪੀ.ਸੀ.ਐਲ., ਸਬੰਧਤ ਐਸ.ਐਚ.ਓ., ਜਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਦੇ ਨੁਮਾਇੰਦੇ ਵੀ ਬੈਠਣਗੇ ਅਤੇ ਮੌਕੇ ਤੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਸ ਦਾ ਨਿਪਟਾਰਾ ਕਰਨਗੇ। ਉਨਾਂ ਦੱਸਿਆ ਕਿ ਸਭ ਡਵੀਜਨਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਐਸ.ਡੀ.ਐਮ. ਵਲੋਂ ਪਿੰਡਾ ਅਤੇ ਵਾਰਡਾਂ ਵਿੱਚ ਲੱਗੇ ਕੈਂਪਾਂ ਦੀ ਅਗਵਾਈ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਹੋਰ ਅਧਿਕਾਰੀ ਕਰਨਗੇ।

ਮੀਟਿੰਗ ਵੀਡਿਓ ਕਾਨਫਰੰਸ ਦੌਰਾਨ ਆਈ.ਏ.ਐਸ. ਸ੍ਰੀ ਵਿਵੇਕ ਮੋਦੀ, ਐਸ.ਡੀ.ਐਮ. ਸ: ਮਨਕੰਵਲ ਸਿੰਘ ਚਾਹਲ, ਸ੍ਰੀ ਨਿਕਾਸ ਕੁਮਾਰ, ਰੀਜਨਲ ਟਰਾਂਸਪੋਰਟ ਸਕੱਤਰ ਸ੍ਰੀ ਅਰਸ਼ਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

Leave a Reply

Your email address will not be published. Required fields are marked *