ਮਾਨਸਾ, 26 ਸਤੰਬਰ :
ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਨਿਰਪੱਖ ਤੇ ਪਾਰਦਰਸ਼ੀ ਢੰਗ ਨਾਲ ਕਰਵਾਈਆਂ ਜਾਣਗੀਆਂ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਆਕਾਸ਼ ਬਾਂਸਲ ਨੇ ਪੰਚਾਇਤੀ ਚੋਣਾਂ ਸਬੰਧੀ ਸਮੁੱਚੀਆਂ ਤਿਆਰੀਆਂ ਦੇ ਮੱਦੇਨਜ਼ਰ ਸਮੂਹ ਆਰਓਜ਼ ਦੀ ਕਰਵਾਈ ਜਾ ਰਹੀ ਟਰੇਨਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਸਮੂਹ ਆਰਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਪੋਲਿੰਗ ਤੱਕ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 245 ਪਿੰਡਾਂ ’ਚ ਕਰਵਾਈਆਂ ਜਾਣ ਵਾਲੀਆਂ ਪੰਚਾਇਤੀ ਚੋਣਾਂ ਦੇ ਦੌਰਾਨ 1883 ਪੰਚ ਅਤੇ 245 ਸਰਪੰਚਾਂ ਦੀ ਚੋਣ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ’ਚ ਪੰਚਾਇਤੀ ਚੋਣਾਂ ਲਈ 547 ਪੋਲਿੰਗ ਬੂਥਾਂ ’ਤੇ ਕੁੱਲ 4,34,692 ਵੋਟਰ ਆਪਣੀ ਵੋਟ ਦਾ ਭੁਗਤਾਨ ਕਰਨਗੇ, ਜਿੰਨਾਂ ’ਚ 2,31,045 ਮਰਦ ਵੋਟਰ, 2,03,640 ਔਰਤ ਵੋਟਰ ਅਤੇ 07 ਥਰਡ ਜ਼ੈਡਰ ਵੋਟਰ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਵੋਟਾਂ ਬੈਲਟ ਪੇਪਰ ਰਾਹੀਂ ਪਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਲਈ 27 ਸਤੰਬਰ 2024 ਤੋਂ 4 ਅਕਤੂਬਰ 2024 ਤੱਕ ਨਾਮਜ਼ਦਗੀ ਪੱਤਰ ਸਵੇਰੇ 11 ਵਜੇ ਤੋਂ ਸ਼ਾਮ 03 ਵਜੇ ਤੱਕ ਭਰੇ ਜਾ ਸਕਣਗੇ ਪ੍ਰੰਤੂ 28 ਸਤੰਬਰ ਨੂੰ ਜਨਤਕ ਛੁੱਟੀ ਹੋਣ ਕਾਰਨ ਨਾਮਜ਼ਦਗੀ ਪੱਤਰ ਨਹੀਂ ਭਰੇ ਜਾਣਗੇ। ਇਸ ਤੋਂ ਇਲਾਵਾ ਭਰੇ ਗਏ ਨਾਮਜ਼ਦਗੀ ਪੱਤਰਾਂ ਦੀ 05 ਅਕਤੂਬਰ ਨੂੰ ਪੜਤਾਲ ਹੋਵੇਗੀ। 07 ਅਕਤੂਬਰ ਸ਼ਾਮ 03 ਵਜੇ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਹੀ ਵੋਟਾਂ ਦੇ ਨਤੀਜ਼ੇ ਐਲਾਨੇ ਜਾਣਗੇ। ਪੋਲਿੰਗ ਦਾ ਸਮਾਂ ਸਵੇਰੇ 08 ਵਜੇ ਤੋਂ ਸ਼ਾਮ 04 ਵਜੇ ਤੱਕ ਹੋਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀ ਪੱਤਰ ਬਲਾਕ ਮਾਨਸਾ ਲਈ ਬੀ.ਡੀ.ਪੀ.ਓ. ਦਫ਼ਤਰ ਮਾਨਸਾ, ਬਲਾਕ ਭੀਖੀ ਲਈ ਬੀ.ਡੀ.ਪੀ.ਓ. ਦਫ਼ਤਰ ਭੀਖੀ, ਬਲਾਕ ਬੁਢਲਾਡਾ ਲਈ ਬੀ.ਡੀ.ਪੀ.ਓ. ਦਫ਼ਤਰ ਬੁਢਲਾਡਾ, ਬਲਾਕ ਝੁਨੀਰ ਲਈ ਮਾਰਕਿਟ ਕਮੇਟੀ ਦਫ਼ਤਰ ਝੁਨੀਰ ਅਤੇ ਫੂਡ ਸਪਲਾਈ ਦਫ਼ਤਰ ਝੁਨੀਰ, ਬਲਾਕ ਸਰਦੂਲਗੜ੍ਹ ਲਈ ਬੀ.ਡੀ.ਪੀ.ਓ. ਦਫ਼ਤਰ ਸਰਦੂਲਗੜ੍ਹ ਵਿਖੇ ਆਰ.ਓਜ਼ ਵੱਲੋਂ ਲਏ ਜਾਣਗੇ।