ਪੰਚਾਇਤੀ ਚੋਣਾਂ ਦੇ ਨਤੀਜੇ ਨੇ 2027 ਦੀ ਜਿੱਤ ਲਈ ਰਾਹ ਪੱਧਰਾ ਕੀਤਾ- ਧਾਲੀਵਾਲ

ਅਜਨਾਲਾ 20 ਅਕਤੂਬਰ 2024—
ਅਜਨਾਲਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਬਣੀਆਂ 155 ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੇ ਮਾਣ ਸਨਮਾਨ ਵਿੱਚ ਕਰਵਾਏ ਫਤਿਹ ਸਨਮਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਨਾ ਚੋਣਾਂ ਦੇ ਨਤੀਜੇ ਨੇ 2027 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਤ ਲਈ ਰਾਹ ਪੱਧਰਾ ਕੀਤਾ ਹੈ । ਉਹਨਾਂ ਕਿਹਾ ਕਿ ਲੋਕਾਂ ਨੇ ਫਤਵਾ ਦੇ ਕੇ ਸਿੱਧ ਕਰ ਦਿੱਤਾ ਹੈ ਕਿ ਲੋਕ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹਨ। ਉਹਨਾਂ ਕਿਹਾ ਕਿ ਅਸੀਂ ਨਾ ਕਿਸੇ ਦੇ ਕਾਗਜ਼ ਰੱਦ ਕਰਵਾਏ, ਨਾ ਕਿਸੇ ਉੱਤੇ ਪਰਚੇ ਕਰਵਾਏ, ਇਹ ਲੋਕਾਂ ਨੇ ਵੋਟਾਂ ਪਾ ਕੇ ਸਰਪੰਚ ਚੁਣੇ ਹਨ। ਅਜਨਾਲਾ ਹਲਕੇ ਦੀ ਗੱਲ ਕਰਦੇ ਉਹਨਾਂ ਕਿਹਾ ਕਿ ਮੈਂ ਪਿਛਲੇ ਕਰੀਬ ਢਾਈ ਸਾਲਾਂ ਵਿੱਚ 325 ਕਰੋੜ ਰੁਪਏ ਅਜਨਾਲਾ ਹਲਕੇ ਦੇ ਵਿਕਾਸ ਉੱਤੇ ਲਗਾ ਦਿੱਤੇ ਹਨ । ਉਹਨਾਂ ਕਿਹਾ ਕਿ ਬੀਤੇ ਦਿਨ ਹੀ ਮੁੱਖ ਮੰਤਰੀ ਪੰਜਾਬ ਨੇ 2400 ਕਰੋੜ ਰੁਪਇਆ ਪੰਜਾਬ ਭਰ ਵਿੱਚ ਸੜਕਾਂ ਬਣਾਉਣ ਲਈ ਜਾਰੀ ਕੀਤਾ ਹੈ , ਜਿਸ ਵਿੱਚੋਂ ਅਜਨਾਲਾ ਹਲਕੇ ਨੂੰ 60 ਕਰੋੜ ਰੁਪਏ ਮਿਲੇ ਹਨ। ਉਹਨਾਂ ਪੰਚਾਂ ਸਰਪੰਚਾਂ ਨੂੰ ਮੁਖਾਤਬ ਹੁੰਦੇ ਕਿਹਾ ਕਿ ਤੁਸੀਂ ਲੋਕਾਂ ਨੂੰ ਨਾਲ ਲੈ ਕੇ ਵਿਕਾਸ ਕਰੋ, ਸਰਕਾਰੀ ਦਫਤਰਾਂ ਵਿੱਚ ਤੁਹਾਡਾ ਮਾਨ ਸਨਮਾਨ ਪੂਰਾ ਹੋਵੇਗਾ ਅਤੇ ਜਿੱਥੇ ਵੀ ਕੋਈ ਲਾਪਰਵਾਹੀ ਹੋਈ ਉੱਥੇ ਕਾਰਵਾਈ ਕਰਾਂਗੇ ।
ਇਸ ਮੌਕੇ ਸੰਬੋਧਨ ਕਰਦੇ ਕੈਬਨਿਟ ਮੰਤਰੀ ਸ ਹਰਭਜਨ ਸਿੰਘ ਈਟੀਓ ਨੇ ਜੇਤੂ ਪੰਚਾਇਤਾਂ ਨੂੰ ਵਧਾਈ ਦਿੰਦੇ ਕਿਹਾ ਕਿ ਤੁਹਾਡੀ ਜਿੱਤ ਨੇ ਵਿਰੋਧੀਆਂ ਦੇ ਮੂੰਹ ਬੰਦ ਕਰ ਦਿੱਤੇ ਹਨ, ਜੋ ਕਹਿੰਦੇ ਸਨ ਕਿ ਸਾਡਾ ਪਿੰਡਾਂ ਵਿੱਚ ਕੇਡਰ ਨਹੀਂ ਹੈ । ਉਹਨਾਂ ਕਿਹਾ ਕਿ ਤੁਸੀਂ ਸਿੱਧ ਕਰ ਦਿੱਤਾ ਹੈ ਕਿ ਲੋਕ ਵਿਕਾਸ ਚਾਹੁੰਦੇ ਹਨ ਨਾ ਕਿ ਗੱਲਾਂ ਦਾ ਕੜਾਹ। ਉਹਨਾਂ ਕਿਹਾ ਕਿ ਤੁਸੀਂ ਸਰਕਾਰ ਦੀਆਂ ਨੀਤੀਆਂ ਉੱਤੇ ਚੱਲਦੇ ਹੋਏ ਵਿਕਾਸ ਦੇ ਮੁੱਦੇ ਉੱਤੇ ਚੋਣ ਲੜੀ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਇਸ ਮੌਕੇ ਸੰਬੋਧਨ ਕਰਦੇ ਵਿਧਾਇਕ ਸ ਇੰਦਰਬੀਰ ਸਿੰਘ ਨਿਜ਼ਰ ਨੇ ਪੰਚਾਂ ਸਰਪੰਚਾਂ ਨੂੰ ਕਿਹਾ ਕਿ ਹੁਣ ਤੁਸੀਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰੋ , ਪਿੰਡਾਂ ਦੀ ਦਿਸ਼ਾ ਅਤੇ ਦਸ਼ਾ ਸਵਾਰੋ, ਵਾਤਾਵਰਨ ਦੀ ਸੰਭਾਲ ਲਈ ਬੂਟੇ ਲਗਾਓ, ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਉਤਸਾਹਿਤ ਕਰੋ ਅਤੇ ਪਾਣੀ ਬਚਾਉਣ ਦੇ ਉਪਰਾਲੇ ਪਿੰਡਾਂ ਵਿੱਚ ਕਰੋ।
    ਇਸ ਮੌਕੇ ਸੰਬੋਧਨ ਕਰਦੇ ਸ਼੍ਰੀਮਤੀ ਅਮਨਦੀਪ ਕੌਰ ਧਾਲੀਵਾਲ ਨੇ ਕਿਹਾ ਕਿ ਤੁਸੀਂ ਪਿਛਲੀਆਂ ਸਰਕਾਰਾਂ ਦੀ ਰੀਸ ਨਹੀਂ ਕਰਨੀ ਬਲਕਿ ਕੰਮ ਕਰਨਾ ਹੈ। ਕਿਸੇ ਵੀ ਪਿੰਡ ਵਾਸੀ ਨੂੰ ਝੂਠੇ ਕੇਸਾਂ ਵਿੱਚ ਫਸਾਉਣਾ ਨਹੀਂ। ਉਹਨਾਂ ਕਿਹਾ ਕਿ ਤੁਸੀਂ ਹੁਣ ਪਿੰਡਾਂ ਦੀ ਸਰਕਾਰ ਹੋ, ਪਿੰਡ ਦਾ ਸਰਪੰਚ ਪਿੰਡ ਦਾ ਮੁੱਖ ਮੰਤਰੀ ਦੀ ਤਾਕਤ ਰੱਖਦਾ ਹੈ ਅਤੇ ਪਿੰਡ ਦੀ ਗ੍ਰਾਮ ਸਭਾ ਲੋੜ ਅਨੁਸਾਰ ਆਪਣੇ ਕਾਇਦੇ ਕਾਨੂੰਨ ਵੀ ਬਣਾ ਸਕਦੀ ਹੈ ‌ ਉਹਨਾਂ ਕਿਹਾ ਕਿ ਸਾਰੇ ਪੰਚਾਂ ਸਰਪੰਚਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਪੰਚਾਇਤ ਪ੍ਰਕਾਸ਼ ਨਾਂ ਦਾ ਕਿਤਾਬਚਾ ਜਾਰੀ ਕਰਕੇ ਪੰਚਾਂ ਸਰਪੰਚਾਂ ਨੂੰ ਉਹਨਾਂ ਦੇ ਹੱਕਾਂ ਅਤੇ ਕਾਨੂੰਨੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਗਈ।
  ਹੋਰਨਾਂ ਤੋਂ ਇਲਾਵਾ ਇਸ ਮੌਕੇ ਚੇਅਰਮੈਨ ਸ੍ਰੀ ਅਸ਼ੋਕ ਤਲਵਾਰ, ਚੇਅਰਮੈਨ ਜਸਪ੍ਰੀਤ ਸਿੰਘ, ਸ ਤਲਬੀਰ ਸਿੰਘ ਗਿੱਲ, ਸ ਇਕਬਾਲ ਸਿੰਘ ਭੁੱਲਰ, ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਸ ਗੁਰਸ਼ਰਨ ਸਿੰਘ ਛੀਨਾ, ਜਿਲਾ ਪ੍ਰਧਾਨ ਸ ਬਲਜਿੰਦਰ ਸਿੰਘ ਥਾਂਦੇ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।।

Leave a Reply

Your email address will not be published. Required fields are marked *