ਸਕੂਲੀ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਅਤੇ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕਤਾ ਸੈਮੀਨਾਰ ਆਯੋਜਿਤ

ਫਿਰੋਜ਼ਪੁਰ 14ਨਵੰਬਰ ( ) ਸਿਹਤ ਵਿਭਾਗ ਅਤੇ ਟ੍ਰਾਂਸਪੋਰਟ ਵਿਭਾਗ ਵਲੋ ਸਾਂਝੇ ਤੌਰ ’ਤੇ ਉਪਰਾਲਾ ਕਰਦਿਆਂ ਅੱਜ ਸਥਾਨਕ ਦਾਸ ਐਂਡ ਬ੍ਰਾਊਨ ਸਕੂਲ ਦੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਅਤੇ ਟ੍ਰੈਫ਼ਿਕ ਨਿਯਮਾਂ ਦੀ ਜਾਣਕਾਰੀ ਦੇਣ ਲਈ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ।
             ਜਾਗਰੂਕਤਾ ਸੈਮੀਨਾਰ ਵਿੱਚ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾ ਅਥਾਰਿਟੀ ਮੈਡਮ ਅਨੁਰਾਧਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਉਨ੍ਹਾਂ ਨਾਲ ਸਿਹਤ ਵਿਭਾਗ ਤੋ ਡਾ. ਹਰਪ੍ਰੀਤ ਕੌਰ, ਅੰਕੁਸ਼ ਭੰਡਾਰੀ ਅਤੇ ਨੇਹਾ ਭੰਡਾਰੀ ਡਿਪਟੀ ਮਾਸ ਮੀਡੀਆ ਤੇ ਸੂਚਨਾ ਅਫ਼ਸਰ, ਮੈਡਮ ਆਸ਼ੂ ਸ਼ਰਮਾ ਓਪਥੈਲਮਿਕ ਅਫ਼ਸਰ ਸ਼ਾਮਲ ਹੋਏ।
             ਇਸ ਮੌਕੇ ਡਾ. ਹਰਪ੍ਰੀਤ ਕੌਰ, ਅੰਕੁਸ਼ ਭੰਡਾਰੀ, ਨੇਹਾ ਭੰਡਾਰੀ ਅਤੇ ਆਸ਼ੂ ਸ਼ਰਮਾ ਨੇ ਸਕੂਲੀ ਵਿਦਿਆਰਥੀਆਂ ਨੂੰ ਜਿੱਥੇ ਵੈਕਟਰ ਬੋਰਨ ਬਿਮਾਰੀਆਂ ਤੋ ਬਚਾਅ ਬਾਰੇ ਜਾਣਕਾਰੀ ਸਾਂਝੀ ਕੀਤੀ ਉੱਥੇ ਹੀ ਸਿਹਤ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਡੇਂਗੂ ਤੋਂ ਬਚਾਅ ਸੰਬਧੀ ਦਿੱਤੇ ਸੰਦੇਸ਼ ਦੀ ਵੀਡਿਓ ਵੀ ਵਿਦਿਆਰਥੀਆਂ ਨੂੰ ਵਿਖਾਈ ਗਈ।
              ਡੇਂਗੂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਸਿਹਤ ਵਿਭਾਗ ਦੇ ਬੁਲਾਰਿਆ ਨੇ ਕਿਹਾ ਕਿ ਡੇਂਗੂ ਐਡੀਜ਼ ਨਾਮ ਦੇ ਮੱਛਰ ਨਾਲ ਫੈਲਦਾ ਹੈ ਅਤੇ ਇਹ ਸਾਫ਼ ਪਾਣੀ ਵਿਚ ਪਨਪਦਾ ਹੈ। ਜਦੋੱ ਵਿਅਕਤੀ ਦੇ ਪਲੇਟਲੈਟ ਘੱਟਦੇ ਹਨ ਤਾਂ ਉਹ ਤੁਰੰਤ ਨਜ਼ਦੀਕ ਦੇ ਸਰਕਾਰੀ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ਼ ਕਰਵਾਉਣ। ਉਨਾਂ ਕਿਹਾ ਕਿ ਡੇਂਗੂ ਦਾ ਬੁਖਾਰ ਹੋਣ ਤੇ ਸਿਰਫ ਪੈਰਾਸਿਟਾਂਮੋਲ ਦੀ ਗੋਲੀ ਹੀ ਖਾਣੀ ਚਾਹੀਦੀ ਹੈ ਅਤੇ ਐਸਪਰੀਨ ਦੀ ਗੋਲੀ ਦੀ ਵਰਤੋਂ ਨਾ ਕੀਤੀ ਜਾਵੇ,ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ। ਜੇਕਰ ਵਿਅਕਤੀ ਦੇ ਸ਼ਰੀਰ ਤੇ ਲਾਲ ਧੱਬੇ ਨਜ਼ਰ ਆਉਣ ਤਾਂ ਸਰਕਾਰੀ ਹਸਪਤਾਲ ਵਿਚ ਇਲਾਜ਼ ਲਈ ਪਹੁੰਚ ਕੀਤੀ ਜਾਵੇ। ਡੇਂਗੂ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਹਰ ਸ਼ੁਕਰਵਾਰ ਨੂੰ ਡ੍ਰਾਈ ਡੇ ਮਨਾਇਆ ਜਾ ਰਿਹਾ ਹੈ।
             ਇਸ ਮੌਕੇ ਡਾ. ਹਰਪ੍ਰੀਤ ਕੌਰ ਵੱਲੋਂ ਬੱਚਿਆਂ ਨੂੰ ਪੌਸ਼ਟਿਕ ਆਹਾਰ ਅਤੇ ਸ਼ੁਗਰ ਦੀ ਬਿਮਾਰੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਟਾਈਪ 1 ਅਤੇ ਟਾਈਪ 2 ਸ਼ੁਗਰ ਹੋਣ ਦੇ ਕਾਰਨਾਂ ਅਤੇ ਲੱਛਣਾ ਬਾਰੇ ਜਾਣਕਾਰੀ ਦੇਣ ਦੇ ਨਾਲ ਚੰਗਾ ਖਾਣ ਲਈ ਪ੍ਰੇਰਿਤ ਕੀਤਾ ਤਾਂ ਜੋ ਬੱਚਿਆਂ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਪੈਦਾ ਹੋ ਸਕੇ।
ਸੈਮੀਨਾਰ ਦੌਰਾਨ ਡੇਂਗੂ ਨੂੰ ਫੈਲਣ ਤੋਂ ਰੋਕਣ ਅਤੇ ਸ਼ੁਗਰ ਦੀ ਬਿਮਾਰੀ ਤੋ ਬਚਾ ਸੰਬੰਧੀ ਜ਼ਾਣਕਾਰੀ ਦਿੱਤੀ ਗਈ ਅਤੇ ਹਾਜ਼ਰ ਵਿਦਿਆਰਥੀਆਂ ਅਤੇ ਵਾਹਨ ਚਾਲਕਾਂ ਨੂੰ ਸਕੂਲ ,ਘਰਾਂ ਅਤੇ ਜਨਤਕ ਥਾਵਾਂ ਤੇ ਸਾਫ—ਸਫਾਈ ਵੱਲ ਧਿਆਨ ਦੇਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾਂ ਲਈ ਪ੍ਰੇਰਿਤ ਕੀਤਾ ਗਿਆ। ਸਿਹਤ ਵਿਭਾਗ ਤੋ ਅੰਕੁਸ਼ ਭੰਡਾਰੀ ਡਿਪਟੀ ਮਾਸ ਮੀਡੀਆ ਅਫਸਰ, ਟਰੈਫਿਕ ਵਿਭਾਗ ਦੇ ਏ ਐੱਸ ਆਈ ਲਖਵੀਰ ਸਿੰਘ ਅਤੇ ਚਾਇਲਡ ਪ੍ਰੋਟੈਕਸ਼ਨ ਵਿਭਾਗ ਵੱਲੋਂ ਸਤਨਾਮ ਸਿੰਘ ਵਲੋ ਸਕੂਲੀ ਵਿਦਿਆਰਥੀਆਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਅਤੇ ਟ੍ਰੈਫਿਕ ਨਿਯਮਾਂ ਬਾਰੇ ਵਿਸਥਾਰ ਪੂਰਨ ਜਾਣਕਾਰੀ ਸਾਂਝੀ ਕੀਤੀ ਗਈ ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ ਰਾਜੇਸ਼ ਕੁਮਾਰ ਚੰਦੇਲ ਵੱਲੋਂ ਮੁੱਖ ਮਹਿਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿਹਤ ਅਤੇ ਸੜਕ ਸੁਰੱਖਿਆ ਸੰਬੰਧੀ ਵੱਡਮੁਲੀ ਜ਼ਾਣਕਾਰੀ ਅੱਜ ਸਕੂਲ ਵਿੱਚ ਸਾਂਝੀ ਕੀਤੀ ਗਈ ਹੈ ਜਿਸ ਦਾ ਵਿਦਿਆਰਥੀਆਂ ਨੂੰ  ਫ਼ਾਇਦਾ ਮਿਲੇਗਾ। ਸਿਹਤ ਵਿਭਾਗ ਤੋਂ ਜਜਬੀਰ ਸਿੰਘ ਵੱਲੋਂ ਸੈਮੀਨਾਰ ਨੂੰ ਸਫਲ ਕਰਨ ਵਿੱਚ ਯੋਗਦਾਨ ਦਿੱਤਾ।

Leave a Reply

Your email address will not be published. Required fields are marked *