ਫ਼ਰੀਦਕੋਟ 02 ਮਾਰਚ
ਸ. ਸਰਬਜੀਤ ਸਿੰਘ ਬਲਾਕ ਵਿਕਾਸ ਅਤੇ ਪੰਚਾਇਤ-ਕਮ-ਕਾਰਜ ਸਾਧਕ ਅਫਸਰ ਪੰਚਾਇਤ ਸੰਮਤੀ ਫ਼ਰੀਦਕੋਟ ਨੇ ਪੱਤਰਕਾਰ ਮਿਲਣੀ ਸਮੇਂ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਸ. ਨਰਭਿੰਦਰ ਸਿੰਘ ਗਰੇਵਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਯੋਗ ਅਗਵਾਈ ਅਤੇ ਸ਼੍ਰੀ ਨੀਰਜ ਕੁਮਾਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਫ਼ਰੀਦਕੋਟ ਦੇ ਆਦੇਸਾ ਤਹਿਤ ਬਲਾਕ ਫ਼ਰੀਦਕੋਟ ਦੀਆਂ 118 ਗ੍ਰਾਮ ਪੰਚਾਇਤਾ ਵਿੱਚ ਕੇਂਦਰ ਅਤੇ ਸੂਬਾ ਸਰਕਾਰ ਵਲੋਂ ਮਿਲ਼ ਕੇ ਚਲਾਈ ਜਾ ਰਹੀ ਆਵਾਸ ਯੋਜਨਾ ਤਹਿਤ ਗਰੀਬ ਅਤੇ ਲੋੜਵੰਦ ਯੋਗ ਪਰਿਵਾਰਾਂ ਨੂੰ ਘਰ ਬਣਾਉਣ ਲਈ ਦਿੱਤੀ ਜਾਂਦੀ ਵਿੱਤੀ ਸਹਾਇਤਾ ਲਈ ਸਰਵੇ ਸਫਲਤਾ ਪੂਰਵਕ ਚੱਲ ਰਿਹਾ ਹੈ।
ਉਹਨਾਂ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਵੱਲੋ ਜਾਰੀ ਆਵਾਸ ਯੋਜਨਾ ਲਈ ਕੋਈ ਵੀ ਫਾਰਮ ਵੇਚਿਆ ਨਹੀਂ ਜਾ ਰਿਹਾ ਅਤੇ ਨਾ ਹੀ ਕਿਸੇ ਕਿਸਮ ਦੀ ਫੀਸ ਰੱਖੀ ਗਈ ਹੈ ਅਤੇ ਇਹ ਸਰਵੇ ਬਿਲਕੁਲ ਮੁਫਤ ਕੀਤਾ ਜਾ ਰਿਹਾ ਹੈ। ਇਸ ਸਰਵੇ ਦੌਰਾਨ ਦਫ਼ਤਰ ਵਲੋਂ ਹਰ ਪਿੰਡ ਵਿੱਚ ਨਿਯੁਕਤ ਕੀਤੇ ਸਰਵੇਅਰ ਦੁਆਰਾ ਆਵਾਸ ਪਲੱਸ 2024 ਮੋਬਾਇਲ ਐਪ ਰਾਹੀਂ ਯੋਗ ਲਾਭਪਾਤਰੀ ਦੇ ਆਨਲਾਈਨ ਫ਼ਾਰਮ ਲਾਭਪਾਤਰੀ ਦੇ ਘਰ ਜਾ ਕੇ ਮੌਕੇ ਉਪਰ ਹੀ ਭਰੇ ਜਾ ਰਹੇ ਹਨ ਅਤੇ ਇਹ ਪੋਰਟਲ ਘਰ ਬਣਾਉਣ ਲਈ ਵਿੱਤੀ ਸਹਾਇਤਾ ਦੇ ਯੋਗ ਲਾਭਪਾਤਰੀਆਂ ਲਈ 31 ਮਾਰਚ 2025 ਤੱਕ ਖੁੱਲਾ ਹੈ।
ਉਹਨਾਂ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਫਾਰਮ ਨੂੰ ਭਰਨ ਵਿੱਚ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਜਾਂ ਕੋਈ ਇਸ ਲਈ ਪੈਸੇ ਦੀ ਮੰਗ ਕਰਦਾ ਹੈ ਤਾਂ ਇਸ ਸਬੰਧੀ ਤਰੁੰਤ ਆਪਣੀ ਗ੍ਰਾਮ ਪੰਚਾਇਤ ਦੇ ਸਬੰਧਿਤ ਪੰਚਾਇਤ ਸਕੱਤਰ ਜਾਂ ਬੀ.ਡੀ.ਪੀ.ਓ. ਦਫ਼ਤਰ ਨਾਲ ਤਾਲਮੇਲ ਕੀਤਾ ਜਾਵੇ ਅਤੇ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਂਦਿਆਂ ਸਰਕਾਰ ਵੱਲੋ ਜਾਰੀ ਹਦਾਇਤਾਂ ਦੀ ਇੰਨਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।