ਸ਼ਹੀਦ ਸ.ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮ ਮੌਕੇ ਭਾਸ਼ਾ ਵਿਭਾਗ ਦੀ ਪੁਸਤਕ ਪ੍ਰਦਰਸ਼ਨੀ ਰਹੀ ਖਿੱਚ ਦਾ ਕੇਂਦਰ

 ਬਰਨਾਲਾ, 21 ਜਨਵਰੀ

ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਅਤੇ ਭਾਸ਼ਾਵਾਂ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਸ.ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਨੁਸਾਰ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਭਾਗ ਵੱਲੋਂ ਪਾਠਕਾਂ ਨੂੰ ਮੁੱਲਵਾਨ ਪੁਸਤਕਾਂ ਸਸਤੀਆਂ ਦਰਾਂ ‘ਤੇ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪੱਧਰੀ ਪੁਸਤਕ ਵਿੱਕਰੀ ਕੇਂਦਰ ਸਥਾਪਿਤ ਕਰਨ ਦੇ ਨਾਲ ਨਾਲ ਪੁਸਤਕ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ।

               ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਦਫ਼ਤਰ ਬਰਨਾਲਾ ਵੱਲੋਂ ਜ਼ਿਲ੍ਹਾ ਪੱਧਰੀ ਪੁਸਤਕ ਵਿੱਕਰੀ ਕੇਂਦਰ ਵਿਖੇ ਵਿਭਾਗੀ ਪੁਸਤਕਾਂ ਮੁਹਈਆ ਕਰਵਾਉਣ ਦੇ ਨਾਲ ਨਾਲ ਲੋਕਾਂ ਦੀ ਇਕੱਤਰਤਾ ਵਾਲੇ ਸਥਾਨਾਂ ‘ਤੇ ਮੁੱਲਵਾਨ ਵਿਭਾਗੀ ਪੁਸਤਕਾਂ ਦੀਆਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਂਦੀਆਂ ਹਨ।

ਭਾਸ਼ਾ ਅਧਿਕਾਰੀ ਨੇ ਦੱਸਿਆ ਕਿ ਪਰਜਾ ਮੰਡਲ ਲਹਿਰ ਦੇ ਸ਼ਹੀਦ ਸ.ਸੇਵਾ ਸਿੰਘ ਠੀਕਰੀਵਾਲਾ ਦੇ ਬਰਸੀ ਸਮਾਗਮਾਂ ਮੌਕੇ ਪਿੰਡ ਠੀਕਰੀਵਾਲਾ ਵਿਖੇ ਲਗਾਈ ਪ੍ਰਦਰਸ਼ਨੀ ਖਿੱਚ ਦਾ ਕੇਂਦਰ ਰਹੀ। ਪੁਸਤਕ ਵਿੱਕਰੀ ਕੇਂਦਰ ਦੇ ਇੰਚਾਰਜ ਅਤੇ ਪ੍ਰਦਰਸ਼ਨੀ ਦੇ ਸੰਚਾਲਕ ਮੈਡਮ ਸੰਦੀਪ ਕੌਰ ਨੇ ਦੱਸਿਆ ਕਿ ਵਿਭਾਗੀ ਪੁਸਤਕਾਂ ਦੀ ਪ੍ਰਦਰਸ਼ਨੀ ਪ੍ਰਤੀ ਪਾਠਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਇਆ ਗਿਆ। ਪਾਠਕਾਂ ਵੱਲੋਂ ਪੁਸਤਕਾਂ ਦੀ ਖੂਬ ਖਰੀਦਦਾਰੀ ਕੀਤੀ ਗਈ। ਵਿਭਾਗ ਦੀਆਂ ਪੁਸਤਕਾਂ ਗੁਲਸਿਤਾਂ ਬੋਸਤਾਂ, ਸ਼ਹੀਦਾਨਿ ਵਫ਼ਾ,ਗੁਰੂ ਨਾਨਕ ਕਥਾ, ਗੁਰੂ ਤੇਗ ਬਹਾਦਰ ਦਰਸ਼ਨ,ਪੰਥ ਪ੍ਰਕਾਸ਼, ਮੇਰੇ ਚੋਣਵੇਂ ਗੀਤ, ਇੱਕ ਕੋਸ਼ਿਸ਼ ਧਰਤੀ ਦੇ ਸਿਰੇ ‘ਤੇ, ਤੇਰੇ ਲਈ ਸਮੇਤ ਤਮਾਮ ਹੋਰ ਪੁਸਤਕਾਂ ਪਾਠਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ।

ਲੋਕਾਂ ਵੱਲੋਂ ਵਿਭਾਗ ਦੇ ਪੁਸਤਕ ਸਭਿਆਚਾਰ ਦੀ ਪ੍ਰਫੁਲਿਤਾ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਘਾ ਵੀ ਕੀਤੀ ਗਈ।

ਜ਼ਿਲ੍ਹਾ ਖਜ਼ਾਨਾ ਅਫ਼ਸਰ ਸ.ਬਲਵੰਤ ਸਿੰਘ ਭੁੱਲਰ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨਾ ਸਮੇਂ ਦੀ ਮੁੱਖ ਮੰਗ ਹੈ। ਉਹਨਾਂ ਕਿਹਾ ਕਿ ਜ਼ਿਲ੍ਹਾ ਭਾਸ਼ਾ ਦਫਤਰ ਇਸ ਪਾਸੇ ਸਲਾਘਾਯੋਗ ਉਪਰਾਲੇ ਕਰ ਰਿਹਾ ਹੈ। ਮੁਲਾਜ਼ਮ ਆਗੂ ਤਰਸੇਮ ਭੱਠਲ ਨੇ ਕਿਹਾ ਕਿ ਪੁਸਤਕਾਂ ਇਨਸਾਨ ਦਾ ਸਭ ਤੋਂ ਵਫਾਦਾਰ ਮਿੱਤਰ ਹੁੰਦੀਆਂ ਹਨ। ਉਹਨਾਂ ਕਿਹਾ ਕਿ ਭਾਸ਼ਾ ਵਿਭਾਗ ਦੀਆਂ ਉਸਾਰੂ ਪੁਸਤਕਾਂ ਸਭ ਪਾਠਕਾਂ ਨੂੰ ਪੜਨੀਆਂ ਚਾਹੀਦੀਆਂ ਹਨ। ਪ੍ਰਦਰਸ਼ਨੀ ਦੇ ਸੰਚਾਲਨ ‘ਚ ਜ਼ਿਲ੍ਹਾ ਭਾਸ਼ਾ ਦਫਤਰ ਦੇ ਕਰਮਚਾਰੀਆਂ ਗੋਬਿੰਦ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।

Leave a Reply

Your email address will not be published. Required fields are marked *