ਮੇਲਾ ਮਾਘੀ ਮੌਕੇ ਵਿਧਾਨ ਸਭਾ ਸਪੀਕਰ ਤੇ ਪੰਜਾਬ ਦੇ ਕੈਬਨਿਟ ਮੰਤਰੀਆਂ ਨੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੱਥਾ ਟੇਕਿਆ

ਚੰਡੀਗੜ੍ਹ/ਸ੍ਰੀ ਮੁਕਤਸਰ ਸਹਿਬ, 14 ਜਨਵਰੀ:

ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ  ਕੈਬਨਿਟ ਮੰਤਰੀਆਂ ਨੇ ਮਾਘੀ ਦੇ ਮੇਲੇ ਮੌਕੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ, ਸ੍ਰੀ ਮੁਕਤਸਰ ਸਾਹਿਬ ਵਿਖੇ ਮੱਥਾ ਟੇਕਿਆ।
ਇਸ ਦੌਰਾਨ ਗੁਰਦੁਆਰਾ ਸਾਹਿਬ ਜਾਣ ਵਾਲੀਆਂ ਸੜਕਾਂ ਸੰਗਤ ਦਾ ਭਾਰੀ ਇੱਕਠ ਦਿਖਾਈ ਦਿੱਤਾ। ਵਿਧਾਨ ਸਭਾ ਸਪੀਕਰ ਸ. ਕੁਲਤਾਰ ਸੰਧਵਾਂ ਤੋਂ ਇਲਾਵਾ ਮੱਥਾ ਟੇਕਣ ਵਾਲੇ ਮੰਤਰੀਆਂ ਵਿੱਚ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ, ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਸ਼ਾਮਲ ਸਨ, ਜਿਹਨਾਂ ਵੱਲੋਂ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ।
ਦੱਸਣਯੋਗ ਹੈ ਕਿ ਗੁਰਦੁਆਰੇ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ‘ਤੇ ਕੱਲ੍ਹ ਰਾਤ ਭਰ ਵੀ ਸ਼ਰਧਾਲੂਆਂ ਨੂੰ ਲੰਗਰ ਛਕਾਇਆ ਗਿਆ।
ਇਸ ਪਵਿੱਤਰ ਦਿਹਾੜੇ ਮੌਕੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵੀ ਗੁਰਦੁਆਰਾ ਸਾਹਿਬ ਵਿਖੇ ਮਾਨਵਤਾ ਦੀ ਭਲਾਈ ਲਈ ਅਰਦਾਸ ਕੀਤੀ।

ਪੁਲਿਸ ਵੱਲੋਂ ਸਾਰੀਆਂ ਸੜਕਾਂ ‘ਤੇ ਸੁਚਾਰੂ ਆਵਾਜਾਈ ਲਈ ਢੁਕਵੇਂ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਜੋ ਦੂਰ-ਦੁਰਾਡੇ ਥਾਵਾਂ ਤੋਂ ਇਸ ਅਸਥਾਨ ‘ਤੇ ਆਉਣ ਵਾਲੀ ਸੰਗਤ ਨੂੰ ਕੋਈ ਦਿੱਕਤ ਨਾ ਆਵੇ। ਘੋੜਾ ਮੰਡੀ ਵਿਖੇ ਘੋੜਿਆਂ ਦਾ ਇੱਕ ਵਿਸ਼ੇਸ਼ ਮੇਲਾ ਵੀ ਲਗਾਇਆ ਗਿਆ ਜਿੱਥੇ ਵੱਖ-ਵੱਖ ਲੋਕਾਂ ਤੇ ਵਪਾਰੀਆਂ ਵੱਲੋਂ ਆਪਣੇ ਘੋੜੇ, ਪੰਛੀਆਂ ਅਤੇ ਅਨੇਕਾਂ ਨਸਲਾਂ ਦੇ ਕੁੱਤੇ ਅਤੇ ਹੋਰ ਜਾਨਵਰ ਨੁਮਾਇਸ਼ ਲਈ ਲਿਆਂਦੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਰਾਜੇਸ਼ ਤ੍ਰਿਪਾਠੀ, ਐਸ.ਐਸ.ਪੀ. ਤੁਸ਼ਾਰ ਗੁਪਤਾ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਖਜਿੰਦਰ ਸਿੰਘ ਕੌਣੀ ਵੀ ਮੌਜੂਦ ਸਨ।

Leave a Reply

Your email address will not be published. Required fields are marked *