ਫਾਜ਼ਿਲਕਾ, 22 ਅਪ੍ਰੈਲ
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਸਕੂਲ ਆਫ ਐਮੀਨੈਂਸ ਵਿਖੇ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਇੱਕ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ । ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਸਹਾਇਕ ਕਮਿਸ਼ਨਰ ਜਨਰਲ ਅਮਨਦੀਪ ਸਿੰਘ ਮਾਵੀ ਅਤੇ ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਫੀਲਡ ਅਫਸਰ ਰੂਪਾਲੀ ਟੰਡਨ ਪਹੁੰਚੇ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਕਰਨ ਦਾ ਪ੍ਰਣ ਲਿਆ
ਇਸ ਮੌਕੇ ਬੋਲਦਿਆਂ ਸੀਐਮਐਫਓ ਰੂਪਾਲੀ ਟੰਡਨ ਨੇ ਕਿਹਾ ਕਿ ਸਾਨੂੰ ਆਪਣੀ, ਆਪਣੇ ਪਰਿਵਾਰ ਅਤੇ ਸਮਾਜ ਦੀ ਬਿਹਤਰੀ ਲਈ ਨਸ਼ਿਆਂ ਖਿਲਾਫ ਲੜਾਈ ਜਿੰਮੇਵਾਰੀ ਨਾਲ ਲੜਨੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਵਿਦਿਆਰਥੀ ਆਪਣੀ ਖੁਰਾਕ ਚੰਗੀ ਰੱਖਣ, ਪੜ੍ਹਾਈ ਅਤੇ ਖੇਡਾਂ ਤੇ ਧਿਆਨ ਦੇਣ। ਉਹਨਾਂ ਨੇ ਕਿਹਾ ਕਿ ਹਰੇਕ ਵਿਦਿਆਰਥੀ ਘੱਟੋ ਘੱਟ ਇੱਕ ਖੇਡ ਜਰੂਰ ਚੁਣੇ।
ਇਸ ਮੌਕੇ ਸਹਾਇਕ ਕਮਿਸ਼ਨਰ ਜਨਰਲ ਨੇ ਕਿਹਾ ਕਿ ਸਾਡੇ ਬੱਚੇ ਆਉਣ ਵਾਲਾ ਭਵਿੱਖ ਹਨ। ਉਹਨਾਂ ਨੇ ਕਿਹਾ ਕਿ ਪੰਜਾਬ ਸੂਰਵੀਰਾਂ ਅਤੇ ਸ਼ਹੀਦਾਂ ਦੀ ਧਰਤੀ ਹੈ ਅਤੇ ਇੱਥੋਂ ਦੇ ਲੋਕਾਂ ਨੇ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਯੋਗਦਾਨ ਪਾਇਆ ਸੀ। ਉਹਨਾਂ ਨੇ ਕਿਹਾ ਕਿ ਅੱਜ ਸਾਡੇ ਮੱਥੇ ਜੋ ਨਸ਼ਿਆਂ ਦਾ ਕਲੰਕ ਲੱਗਿਆ ਹੈ ਅਸੀਂ ਉਸ ਕਲੰਕ ਨੂੰ ਧੋਣ ਦਾ ਸੰਕਲਪ ਲੈ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਰਕਾਰ ਦਾ ਸਾਥ ਦੇਣਾ ਹੈ।
ਇਸ ਤੋਂ ਪਹਿਲਾਂ ਸਕੂਲ ਪ੍ਰਿੰਸੀਪਲ ਹਰੀ ਚੰਦ ਕੰਬੋਜ ਨੇ ਸਭ ਨੂੰ ਜੀ ਆਇਆ ਨੂੰ ਆਖਿਆ। ਇਸ ਮੌਕੇ ਨਸ਼ਿਆਂ ਖਿਲਾਫ ਜਾਗਰੂਕਤਾ ਲਈ ਸਹੁੰ ਚੁਕਾਈ ਗਈ। ਇੱਥੇ ਵਿਦਿਆਰਥੀ ਮਨਿੰਦਰ ਸਿੰਘ ਨੇ ਨਸ਼ਿਆਂ ਖਿਲਾਫ ਭਾਸ਼ਣ, ਵਿਦਿਆਰਥਨ ਕਵਿਤਾ ਅਤੇ ਪ੍ਰਭਜੋਤ ਨੇ ਇੱਕ ਕਵਿਤਾ ਅਤੇ ਅਧਿਆਪਕ ਦੀਪਕ ਕੰਬੋਜ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਲੜਕੇ ਅਬੋਹਰ ਦੀ ਟੀਮ ਨੇ ਇੱਕ ਲਘੂ ਨਾਟਕ ਪੇਸ਼ ਕੀਤਾ। ਇਹ ਟੀਮ ਕੌਮੀ ਪੱਧਰ ਤੇ ਨਾਟਕ ਮੁਕਾਬਲਿਆਂ ਵਿਚ ਪੰਜਾਬ ਦਾ ਪ੍ਰਤੀਨਿਧਤਵ ਕਰ ਚੁੱਕੀ ਹੈ। ਮੰਚ ਸੰਚਾਲਣ ਸ੍ਰੀ ਸੁਰਿੰਦਰ ਕੰਬੋਜ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਡੀ ਐਨ ਓ ਵਿਜੇਪਾਲ, ਜੁਗਿੰਦਰ ਸਿੰਘ, ਵਿਕਾਸ ਡਾਗਾ, ਸੰਦੀਪ ਅਨੇਜਾ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲ ਆਫ ਐਮੀਨੈਂਸ ਵਿਖੇ ਕਰਵਾਇਆ ਗਿਆ ਸਹੁੰ ਚੁੱਕ ਸਮਾਗਮ
