ਡੇਰਾਬੱਸੀ, 10 ਜਨਵਰੀ, 2024:
ਡਾ. ਗੁਰਪ੍ਰੀਤ ਕੌਰ (ਸੁਪਤਨੀ ਸ. ਭਗਵੰਤ ਸਿੰਘ ਮਾਨ) ਨੇ ਅੱਜ ਪਿੰਡ ਬਾਕਰਪੁਰ ਵਿਖੇ ਨਵਜੰਮੀਆਂ ਬੱਚੀਆਂ ਨੂੰ ਲੋਹੜੀ ਦੇ ਤੋਹਫ਼ੇ ਅਤੇ ਸ਼ੁੱਭਕਾਮਨਾਵਾਂ ਦੇ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਬੱਚੀਆਂ ਦੀ ਲੋਹੜੀ ਮਨਾ ਕੇ ਲਿੰਗਕ ਅਸਮਾਨਤਾ ਨੂੰ ਦੂਰ ਕੀਤਾ ਜਾਵੇ।
ਹਲਕਾ ਡੇਰਾਬੱਸੀ ਦੇ ਵਿਧਾਇਕ ਕੁਲਵੰਤ ਸਿੰਘ ਰੰਧਾਵਾ ਵੱਲੋਂ ਬਾਕਰਪੁਰ ਵਿਖੇ ਕਰਵਾਏ ਲੋਹੜੀ ਸਮਾਗਮ ਵਿੱਚ ਸ਼ਿਰਕਤ ਕਰਦਿਆਂ ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਸਥਾਨਕ ਵਿਧਾਇਕ ਵੱਲੋਂ ਸਮਾਜ ਨੂੰ ਇੱਕ ਮਜ਼ਬੂਤ ਸਕਾਰਾਤਮਕ ਸੰਦੇਸ਼ ਦੇਣ ਲਈ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਹਨ ਤੇ ਅਜਿਹੀਆਂ ਸਕਾਰਾਤਮਕ ਗੱਲਾਂ ਅਤੇ ਤਬਦੀਲੀਆਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧੀਆਂ ਅੱਜ ਕੱਲ੍ਹ ਹਰ ਪਾਸੇ ਮੱਲਾਂ ਮਾਰ ਰਹੀਆਂ ਹਨ, ਪੜ੍ਹਾਈ ਵਿੱਚ ਹੋਣ, ਰਾਜਨੀਤੀ ਵਿੱਚ ਹੋਣ ਜਾਂ ਅਹਿਮ ਅਹੁਦਿਆਂ ’ਤੇ ਹੋਣ।
ਉਨ੍ਹਾਂ ਧੀਆਂ ਦੁਆਰਾ ਹਰ ਹਾਲਤ ਵਿੱਚ ਮਾਪਿਆਂ ਦਾ ਹਿੱਸਾ ਬਣਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਖੌਤੀ ਲਿੰਗ ਅਸਮਾਨਤਾ ਨੂੰ ਹੁਣ ਖਤਮ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, “ਹਾਲਾਂਕਿ ਮਾਨਸਿਕਤਾ ਬਦਲ ਗਈ ਹੈ, ਪਰ ਬਹੁਤ ਕੁਝ ਕਰਨ ਦੀ ਜ਼ਰੂਰਤ ਹੈ।”
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਪੰਜਾਬ ਨੂੰ ਰੁਜ਼ਗਾਰ ਦੇ ਮੌਕਿਆਂ ਨਾਲ ਭਰਪੂਰ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੇ ਹਨ ਤਾਂ ਜੋ ਕੋਈ ਵੀ ਮਾਤਾ-ਪਿਤਾ ਆਪਣੇ ਬੱਚੇ ਨੂੰ ਰੁਜ਼ਗਾਰ ਲਈ ਵਿਦੇਸ਼ ਨਾ ਭੇਜੇ।
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਸਮਾਗਮ ਵਿੱਚ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਲਿੰਗਕ ਸਮਾਨਤਾ ਨੂੰ ਪ੍ਰਫੁੱਲਤ ਕਰਨ ਲਈ ਲੜਕੀਆਂ ਦੀ ਲੋਹੜੀ ਮਨਾਉਣ ਦਾ ਸਭ ਤੋਂ ਵਧੀਆ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਬੇਮਿਸਾਲ ਗੁਣਾਂ ਨਾਲ ਭਰਪੂਰ ਧੀਆਂ ਨੇ ਨਵੀਆਂ ਬੁਲੰਦੀਆਂ ਨੂੰ ਛੂਹਿਆ ਹੈ ਅਤੇ ਇਸ ਨਾਲ ਉਨ੍ਹਾਂ ਦੇ ਮਾਪਿਆਂ ਦਾ ਮਾਣ ਵਧਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੰਗਲਾ ਵਿੱਚ ਬਦਲਣ ਲਈ ਭਗਵੰਤ ਸਿੰਘ ਮਾਨ ਸਰਕਾਰ ਵੀ ਪੂਰੀ ਵਾਹ ਲਾ ਰਹੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਸੈਣੀਆਂ ਦੀਆਂ ਵਿਦਿਆਰਥਣਾਂ ਨੇ ਲੋਹੜੀ ਦੀਆਂ ਬੋਲੀਆਂ ਨਾਲ ਭਰਪੂਰ ਲੋਕ ਨਾਚ ਗਿੱਧਾ ਪੇਸ਼ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਭਜੋਤ ਕੌਰ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ, ਡਾ: ਸੰਦੀਪ ਗਰਗ ਐਸ.ਐਸ.ਪੀ., ਵਿਰਾਜ ਐਸ ਟਿੱਡਕੇ ਏ.ਡੀ.ਸੀ.(ਜੀ), ਹਿਮਾਂਸ਼ੂ ਗੁਪਤਾ ਐਸ.ਡੀ.ਐਮ ਡੇਰਾਬੱਸੀ, ਦਰਪਨ ਆਹਲੂਵਾਲੀਆ ਏ.ਐਸ.ਪੀ ਡੇਰਾਬੱਸੀ ਆਦਿ ਹਾਜ਼ਰ ਸਨ।