ਹੁਣ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਤਰ੍ਹਾਂ ਦੀਆਂ ਸੇਵਾਵਾਂ, ਸੇਵਾ ਕੇਂਦਰਾਂ ਰਾਹੀਂ ਲੈ ਸਕਣਗੇ ਜ਼ਿਲ੍ਹਾ ਵਾਸੀ-ਡਿਪਟੀ ਕਮਿਸ਼ਨਰ

ਤਰਨ ਤਾਰਨ, 13 ਮਈ :

ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਇੱਕ ਹੋਰ ਵੱਡਾ ਕਦਮ ਚੁੱਕਦਿਆਂ ਹੁਣ ਜਿਲ੍ਹੇ ਦੇ ਨਾਗਰਿਕ ਟਰਾਂਸਪੋਰਟ ਵਿਭਾਗ ਨਾਲ ਸਬੰਧਿਤ 29 ਤਰ੍ਹਾਂ ਦੀਆਂ ਸੇਵਾਵਾਂ ਸਿੱਧੇ ਤੌਰ ‘ਤੇ ਆਪਣੇ ਨੇੜਲੇ ਸੇਵਾ ਕੇਂਦਰਾਂ ਤੋਂ ਹਾਸਲ ਕਰ ਸਕਣਗੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਹੁੁਲ ਨੇ ਦੱਸਿਆ ਕਿ ਇਹ ਕਦਮ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਪ੍ਰਕਿਰਿਆਵਾਂ ਨੂੰ ਹੋਰ ਵਧੀਆ ਬਣਾਉਣ ਅਤੇ ਆਮ ਲੋਕਾਂ ਨੂੰ ਘਰ ਦੇ ਨੇੜੇ ਹੀ ਸਰਲ ਢੰਗ ਨਾਲ ਸਰਕਾਰੀ ਸੇਵਾਵਾਂ ਉਪਲੱਬਧ ਕਰਵਾਉਣ ਦੇ ਉਦੇਸ਼ ਹੇਠ ਚੁੱਕਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਸਮੂਹ ਸੇਵਾ ਕੇਂਦਰਾਂ ਦੇ ਮੁਲਾਜ਼ਮਾਂ ਅਤੇ ਸੇਵਾ ਸਹਾਇਕਾਂ ਨੂੰ ਟਰਾਂਸਪੋਰਟ ਵਿਭਾਗ ਨਾਲ ਸਬੰਧਤ 29 ਸੇਵਾਵਾਂ ਬਾਰੇ ਵਿਸਥਾਰਪੂਰਕ ਟਰੇਨਿੰਗ ਦਿੱਤੀ ਗਈ ਹੈ, ਤਾਂ ਜੋ ਉਹ ਨਾਗਰਿਕਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਇਹ ਸੇਵਾਵਾਂ ਦੇ ਸਕਣ। ਉਨ੍ਹਾਂ ਕਿਹਾ ਕਿ ਹੁਣ ਕੋਈ ਵੀ ਨਾਗਰਿਕ ਆਪਣੇ ਡਰਾਇਵਿੰਗ ਲਾਇਸੰਸ ਜਾਂ ਵਹੀਕਲ ਦੀ ਰਜਿਸਟਰੇਸ਼ਨ ਸਬੰਧੀ ਸੇਵਾਵਾਂ ਲਈ ਜ਼ਰੂਰੀ ਦਸਤਾਵੇਜ਼ ਲੈ ਕੇ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਅਸਾਨੀ ਨਾਲ ਅਰਜ਼ੀ ਦੇ ਸਕੇਗਾ। ਇਹ ਵਿਅਕਤੀਗਤ ਤੌਰ ‘ਤੇ ਦਫ਼ਤਰ ਰੀਜ਼ਨਲ ਟਰਾਂਸਪੋਰਟ ਅਫਸਰ ਜਾਣ ਦੀ ਲੋੜ ਨੂੰ ਘਟਾਏਗਾ ਅਤੇ ਸਮੇਂ ਦੀ ਵੀ ਬਚਤ ਹੋਵੇਗੀ। ਇਨ੍ਹਾਂ 29 ਸੇਵਾਵਾਂ ਵਿੱਚ ਡਰਾਇਵਿੰਗ ਲਾਇਸੰਸ ਜਾਰੀ ਕਰਵਾਉਣਾ, ਨਵੀਨੀਕਰਨ, ਡੁਪਲੀਕੇਟ ਲਾਇਸੰਸ, ਲਾਇਸੰਸ ਵਿੱਚ ਸ਼੍ਰੇਣੀ ਜੁੜਵਾਉਣੀ, ਵਹੀਕਲ ਦੀ ਰਜਿਸਟਰੇਸ਼ਨ, ਰਜਿਸਟਰੇਸ਼ਨ ਸਰਟੀਫਿਕੇਟ ਵਿੱਚ ਪਤਾ ਬਦਲ, ਡੁਪਲੀਕੇਟ, ਫਾਈਨੈਂਸ ਹਟਾਉਣਾ ਜਾਂ ਜੁੜਵਾਉਣਾ, ਨਾਂ ਤਬਦੀਲੀ ਅਤੇ ਹੋਰ ਕਈ ਜ਼ਰੂਰੀ ਸੇਵਾਵਾਂ ਸ਼ਾਮਲ ਹਨ।
ਉਹਨਾਂ ਦੱਸਿਆ ਕਿ ਇਸ ਉਪਰਾਲੇ ਨਾਲ ਨਾਗਰਿਕਾਂ ਨੂੰ ਟੈਕਨੋਲੋਜੀ ਰਾਹੀਂ ਤੇਜ਼, ਪਾਰਦਰਸ਼ੀ ਅਤੇ ਲਾਭਕਾਰੀ ਸੇਵਾਵਾਂ ਉਪਲੱਬਧ ਹੋਣਗੀਆਂ।
ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਨੂੰ ਸਮਰੱਥ ਬਣਾਇਆ ਗਿਆ ਹੈ ਅਤੇ ਮੁਲਾਜ਼ਮਾਂ ਨੂੰ ਆਧੁਨਿਕ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ, ਤਾਂ ਜੋ ਕੋਈ ਵੀ ਨਾਗਰਿਕ ਲੰਬੀ ਉਡੀਕ ਜਾਂ ਝੰਜਟ ਤੋਂ ਬਿਨਾਂ ਆਪਣੀ ਸੇਵਾ ਲੈ ਸਕੇ। ਉਨ੍ਹਾਂ  ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਨੇੜਲੇ ਸੇਵਾ ਕੇਂਦਰ ਜਾਂ ਪੰਜਾਬ ਸਰਕਾਰ ਦੀ ਸਰਕਾਰੀ ਵੈੱਬਸਾਈਟ ਰਾਹੀਂ ਜਾਣਕਾਰੀ ਲੈ ਕੇ ਇਹ ਸੇਵਾਵਾਂ ਲੈਣ ਦੀ ਪ੍ਰਕਿਰਿਆ ਨੂੰ ਅਪਣਾਉਣ। ਇਹ ਯਤਨ ਪੰਜਾਬ ਸਰਕਾਰ ਦੇ ਆਮ ਲੋਕਾਂ ਦੀ ਜੀਵਨ ਰੀਤ ਨੂੰ ਹੋਰ ਸੁਵਿਧਾਜਨਕ ਅਤੇ ਆਸਾਨ ਬਣਾਉਣ ਵੱਲ ਵਧ ਰਹੀ ਹੈ।
————-

Leave a Reply

Your email address will not be published. Required fields are marked *