ਫਰੀਦਕੋਟ 20 ਸਤੰਬਰ ,
ਜਿਲ੍ਹਾ ਫਰੀਦਕੋਟ ਵਿੱਚ ਸਾਲ 2024 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜੀਰੋ ਪੱਧਰ ਤੇ ਲਿਆਉਣ ਦੇ ਮਿੱਥੇ ਟੀਚੇ ਨੂੰ ਪੂਰਾ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਚਲਾਈ ਜਾ ਰਹੀ ਮੁਹਿੰਮ ਤਹਿਤ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਰਾਹੀ ਮਸ਼ੀਨਰੀ ਮੁਹੱਈਆ ਕਰਵਾਉਣ ਲਈ ਸਥਾਨਕ ਦਫਤਰ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵਿਖੇ ਮੀਟਿੰਗ ਹੋਈ ।ਮੀਟਿੰਗ ਵਿੱਚ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ, ਸ੍ਰੀ ਰਾਜਪਾਲ ਸਿੰਘ ਉਪ-ਰਜਿਸਟਰਾਰ ਸਹਿਕਾਰੀ ਸਭਾਵਾਂ ਫਰੀਦਕੋਟ,ਡਾ.ਅਮਨ ਕੇਸ਼ਵ ਪੀ.ਡੀ.ਆਤਮਾ ਅਤੇ ਸ੍ਰੀ ਹਰਸਿਮਰਨ ਸਿੰਘ ਇੰਸਪੈਕਟਰ ਸਹਿਕਾਰੀ ਸਭਾ ਫਰੀਦਕੋਟ ਮੌਜੂਦ ਸਨ।
ਮੀਟਿੰਗ ਦੌਰਾਨ ਡਾ.ਅਮਰੀਕ ਸਿੰਘ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਸੰਭਾਲ ਕੇ ਕਣਕ ਦੀ ਬਿਜਾਈ ਕਰਨ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨਾਂ ਮੁਸ਼ਕਲਾਂ ਨੂੰ ਧਿਆਨ ਵਿੱਚ ਰਖਦਿਆਂ ਪੰਜਾਬ ਸਰਕਾਰ ਵਲੋਂ ਸਹਿਕਾਰੀ ਸਭਾਵਾਂ ਅਤੇ ਗ੍ਰਾਮ ਪੰਚਤਾਂ ਨੂੰ ਪਰਾਲੀ ਸਾਂਭਣ ਲਈ ਖੇਤੀ ਮਸ਼ੀਨਰੀ 80% ਫੀਸਦੀ ਸਬਸਿਡੀ ਤੇ ਮੁਹੱਈਆ ਕਰਵਾਈ ਗਈ ਹੈ ਤਾਂ ਜੋ ਛੋਟੇ ਕਿਸਾਨ ਇਨ੍ਹਾਂ ਦੀ ਵਰਤੋਂ ਕਰਕੇ ਝੋਨੇ ਦੀ ਪਰਾਲੀ ਦੀ ਸੰਭਾਲ ਕਰ ਸਕਣ।
ਉਨਾਂ ਦੱਸਿਆ ਕਿ ਛੋਟੇ ਕਿਸਾਨਾਂ ਦੀ ਇਸ ਸਮੱਸਿਆ ਦੇ ਹੱਲ ਲਈ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਮੀਟਿੰਗ ਵਿਚ ਕੀਤੇ ਗਏ ਫੈਸਲੇ ਅਨੁਸਾਰ ਛੋਟੇ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੋਂ ਖੇਤੀ ਮਸੀਨਰੀ ਵਰਤਣ ਦਾ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ। ਉਨਾਂ ਦੱਸਿਆ ਕਿ ਜਿਲ੍ਹਾ ਫਰੀਦਕੋਟ ਦੀਆਂ ਸਹਿਕਾਰੀ ਸਭਾਵਾਂ ਵਿੱਚ ਕੁੱਲ 644 ਮਸ਼ੀਨਾ ਮੌਜੂਦ ਹਨ। ਜਿਸ ਵਿੱਚੋਂ ਤਹਿਸੀਲ ਫਰੀਦਕੋਟ ਵਿੱਚ 172,ਤਹਿਸੀਲ ਕੋਟਕਪੂਰਾ ਵਿੱਚ 222 ਅਤੇ ਤਹਿਸੀਲ ਜੈਤੋਂ ਵਿੱਚ 250 ਮਸ਼ੀਨਾਂ ਹਨ । ਉਨਾਂ ਦੱਸਿਆ ਕਿ 51 ਗ੍ਰਾਮ ਪੰਚਾਇਤਾਂ ਕੋਲ 144 ਖੇਤੀ ਮਸ਼ੀਨਾਂ ਹਨ ਜਿਸ ਤੇ ਵੀ ਇਹੀ ਨਿਯਮ ਲਾਗੂ ਹੋਵੇਗਾ।
ਉਨਾਂ ਦੱਸਿਆ ਕਿ ਇਹ ਖੇਤੀ ਮਸ਼ੀਨਰੀ ਨੂੰ ਕਰਾਏ ਉੱਤੇ ਲੈ ਕਿ ਜਾਣ ਲਈ 2.5 ਏਕੜ ਮਾਲਕੀ ਵਾਲੇ ਕਿਸਾਨਾਂ ਕੋਲੋਂ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ, 2.5 ਤੋਂ 5 ਏਕੜ ਵਾਲੇ ਕਿਸਾਨਾਂ ਤੋਂ ਵੀ ਕੋਈ ਕਿਰਾਇਆ ਨਹੀਂ ਵਸੂਲਿਆ ਜਾਵੇਗਾ ਪਰ ਜੇਕਰ ਉਹ ਨਾਲ ਟਰੈਕਟਰ ਲੈ ਕੇ ਜਾਂਦੇ ਹਨ ਤਾਂ ਉਸ ਦੇ ਡੀਜ਼ਲ ਦਾ ਕਿਰਾਇਆ ਵਸੂਲਿਆ ਜਾਵੇਗਾ ਅਤੇ 5 ਏਕੜ ਤੋਂ ਵੱਧ ਮਾਲਕੀ ਵਾਲੇ ਕਿਸਾਨਾਂ ਲਈ ਸਰਕਾਰੀ ਰੇਟ ਵਾਲਾ ਕਿਰਾਇਆ ਵਸੂਲਿਆ ਜਾਵੇਗਾ ।
ਇਸ ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫਸਰ ਵੱਲੋਂ ਉਪ-ਰਜਿਸਟਰਾਰ ਨੂੰ ਹਦਾਇਤ ਕੀਤੀ ਗਈ ਕਿ ਸਾਰੀਆਂ ਮਸ਼ੀਨਾਂ ਨੂੰ 28 ਸਤੰਬਰ ਤੱਕ ਚਾਲੂ ਹਾਲਤ ਵਿੱਚ ਕਰ ਲਿਆ ਜਾਵੇ ਅਤੇ 28 ਸਤੰਬਰ ਤੋਂ ਬਾਅਦ ਮਸ਼ੀਨਰੀ ਸੰਬੰਧੀ ਸਹਿਕਾਰੀ ਸਭਾਵਾਂ ਦੀ ਚੈਕਿੰਗ ਕੀਤੀ ਜਾਵੇਗੀ । ਉਨਾਂ ਛੋਟੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਮਿੱਥੇ ਟੀਚੇ ਦੀ ਪੂਰਤੀ ਲਈ ਅਤੇ ਜ਼ਿਲਾ ਫਰੀਦਕੋਟ ਨੂੰ ਧੂੰਆਂ ਮੁਕਤ ਕਰਨ ਲਈ ਸਹਿਯੋਗ ਕੀਤਾ ਜਾਵੇ ਜੇਕਰ ਕਿਸੇ ਤਰਾਂ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਸਬੰਧਤ ਖੇਤੀਬਾੜੀ ਅਧਿਕਾਰੀਆਂ ,ਸਕੱਤਰ ਸਹਿਕਾਰੀ ਸਭਾ ਨਾਲ ਸੰਪਰਕ ਕੀਤਾ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ।