ਆਪਸੀ ਤਾਲਮੇਲ ਤੇ ਸਹਿਯੋਗ ਨਾਲ ਹੋਰ ਵੀ ਬਿਹਤਰ ਬਣਾਈ ਜਾ ਸਕਦੀ ਹੈ ਮੌਕ ਡਰਿੱਲ : ਡਿਪਟੀ ਕਮਿਸ਼ਨਰ

ਬਠਿੰਡਾ, 17 ਦਸੰਬਰ : ਸਬੰਧਤ ਵਿਭਾਗਾਂ ਦੇ ਆਪਸੀ ਤਾਲਮੇਲ ਤੇ ਸਹਿਯੋਗ ਸਦਕਾ ਹੀ ਮੌਕ ਡਰਿੱਲ ਨੂੰ ਹੋਰ ਬਿਹਤਰ ਬਣਾਇਆ ਜਾ ਸਕਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾਂ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜ਼ਿਲ੍ਹਾ ਪ੍ਰਸ਼ਾਸਨ ਤੇ ਡਿਪਟੀ ਡਾਇਰੈਕਟਰ ਫੈਕਟਰੀਜ਼ ਵੱਲੋਂ ਰਿਫਾਇਨਰੀ ਰੋਡ ‘ਤੇ ਕਰਵਾਈ ਗਈ ਆਫ ਸਾਈਟ ਐਮਰਜੈਂਸੀ ਮੌਕ ਡਰਿੱਲ ਮੌਕੇ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਡਿਪਟੀ ਡਾਇਰੈਕਟਰ ਫੈਕਟਰੀਜ਼ ਸ਼੍ਰੀ ਵਿਸ਼ਾਲ ਸਿੰਗਲਾ ਤੇ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੇ ਡੀਜੀਐੱਮ ਸ. ਚਰਨਜੀਤ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਇਸ ਮੌਕੇ ਡਿਪਟੀ ਕਮਿਸ਼ਨਰ ਨੇ ਬਚਾਅ ਕਾਰਜ ਅਤੇ ਸਾਰੀਆਂ ਸਬੰਧਤ ਧਿਰਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਆਪਸੀ ਤਾਲਮੇਲ ’ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਅਭਿਆਸ ਆਫ਼ਤ ਪ੍ਰਬੰਧਨ ਨੂੰ ਮਜ਼ਬੂਤ ਕਰਨ ਲਈ ਨਿਯਮਤ ਮੌਕ ਡਰਿੱਲਾਂ ਦੀ ਮਹੱਤਤਾ ਨੂੰ ਰੇਖਾਂਕਿਤ ਕਰਦਾ ਹੈ ਤੇ ਐਮਰਜੈਂਸੀ ਦੇ ਸਾਹਮਣੇ ਜਾਨਾਂ, ਜਾਇਦਾਦ ਤੇ ਵਾਤਾਵਰਣ ਦੀ ਰੱਖਿਆ ਲਈ ਤਿਆਰੀਆਂ ਨੂੰ ਯਕੀਨੀ ਬਣਾਉਂਦਾ ਹੈ।

ਇਸ ਦੌਰਾਨ ਡਿਪਟੀ ਡਾਇਰੈਕਟਰ ਫੈਕਟਰੀਆਂ ਸ੍ਰੀ ਵਿਸ਼ਾਲ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ’ਚ ਨੌਂ ਖਤਰਨਾਕ ਉਦਯੋਗ ਹਨ, ਜਿਨ੍ਹਾਂ ’ਚੋਂ ਹਰੇਕ ਨੂੰ ਆਫ਼ਤ ਪ੍ਰਤੀਕਿਰਿਆ ਸਮਰੱਥਾ ਨੂੰ ਨਿਖਾਰਨ ਲਈ ਸਾਲਾਨਾ ਮੌਕ ਡਰਿੱਲ ਕਰਨ ਦੀ ਲੋੜ ਹੁੰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੋ ਥੋੜੀਆਂ ਬਹੁਤ ਮੌਕ ਡਰਿੱਲ ਦੌਰਾਨ ਕਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਭਵਿੱਖ ਵਿੱਚ ਦੂਰ ਕੀਤਾ ਜਾਵੇਗਾ।

ਆਫਸਾਈਟ ਐਮਰਜੈਂਸੀ ਮੌਕ ਡਰਿੱਲ ਦੌਰਾਨ ਐਚਪੀ ਪੈਟਰੋਲ ਪੰਪ ਦੇ ਨੇੜੇ ਰਿਫਾਈਨਰੀ ਰੋਡ ‘ਤੇ ਇੱਕ ਪੈਟਰੋਲ ਟੈਂਕਰ ਪਲਟ ਗਿਆ, ਜਿਸ ਨਾਲ ਲੀਕੇਜ ’ਤੇ ਅੱਗ ਲੱਗ ਗਈ। ਗੁਰੂ ਗੋਬਿੰਦ ਸਿੰਘ ਰਿਫਾਇਨਰੀ ਦੀ ਐਮਰਜੈਂਸੀ ਰਿਸਪਾਂਸ ਟੀਮ ਨੇ ਤੇਜ਼ੀ ਨਾਲ ਕੰਮ ਕੀਤਾ, ਸਰੋਤ ਜੁਟਾਏ, ਪੀੜਤਾਂ ਨੂੰ ਬਚਾਇਆ, ਆਵਾਜਾਈ ਦਾ ਪ੍ਰਬੰਧਨ ਕੀਤਾ ਅਤੇ ਟੈਂਕਰ ਨੂੰ ਬਹਾਲ ਕਰਨ ਲਈ ਇੱਕ ਕਰੇਨ ਦੀ ਵਰਤੋਂ ਕੀਤੀ। ਇਸ ਮੌਕੇ ਐਨਡੀਆਰਐਫ ਟੀਮ ਨੇ ਬਚਾਅ ਕਾਰਜ ਲਈ ਕੁਸ਼ਲਤਾ ਨਾਲ ਕੰਮ ਕੀਤਾ ਅਤੇ ਅੱਗ ‘ਤੇ ਕਾਬੂ ਪਾਉਣ ਅਤੇ ਖੇਤਰ ਨੂੰ ਸੁਰੱਖਿਅਤ ਕਰਨ ਵਿੱਚ ਸਹਿਯੋਗ ਦਿੱਤਾ।

ਮੌਕ ਡਰਿੱਲ ਉਪਰੰਤ ਸਬੰਧਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਮੌਕ ਡਰਿੱਲ ਦੌਰਾਨ ਪਾਈਆਂ ਗਈਆਂ ਉਣਤਾਈਆਂ ਤੇ ਭਵਿੱਖ ਵਿੱਚ ਮੌਕ ਡਰਿੱਲ ਨੂੰ ਹੋਰ ਬਿਹਤਰ ਬਣਾਉਣ ਲਈ ਆਪਣੇ ਵਿਚਾਰ, ਸੁਝਾਅ ਤੇ ਤਜ਼ਰਬੇ ਸਾਂਝੇ ਕੀਤੇ ਗਏ।

ਇਸ ਮੌਕੇ ਐਨਡੀਆਰਐੱਫ, ਐਨਐਫਐੱਲ, ਆਈਓਸੀਐੱਲ, ਥਰਮਲ ਪਲਾਂਟ ਬਠਿੰਡਾ, ਲਹਿਰਾ ਮੁਹੱਬਤ ਥਰਮਲ ਪਲਾਂਟ, ਐੱਚਪੀਸੀਐਲ ਅਤੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ, ਮੈਡੀਕਲ ਅਫਸਰ, ਸਿਵਲ ਡਿਫੈਂਸ ਟੀਮ ਅਤੇ ਹੋਰ ਪ੍ਰਮੁੱਖ ਉਦਯੋਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ।

Leave a Reply

Your email address will not be published. Required fields are marked *