ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ 69 ਲਾਭਪਾਤਰੀਆਂ ਨੂੰ ਪੀ ਐਮ ਏ ਵਾਈ ਦੀ ਪਹਿਲੀ ਕਿਸ਼ਤ ਸੌਂਪੀ

ਡੇਰਾਬੱਸੀ (ਐਸ.ਏ.ਐਸ. ਨਗਰ), 17 ਸਤੰਬਰ, 2024:
ਡੇਰਾਬੱਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਪਿੰਡ ਪੰਡਵਾਲਾ ਵਿਖੇ 69 ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਮਨਜ਼ੂਰ ਹੋਈ ਗ੍ਰਾਂਟ ਦੀ ਪਹਿਲੀ ਕਿਸ਼ਤ ਸੌਂਪੀ।
ਉਨ੍ਹਾਂ ਕਿਹਾ ਕਿ ਪੀ ਐਮ ਏ ਵਾਈ  ਦੀਆਂ ਸ਼ਰਤਾਂ ਪੂਰੀਆਂ ਕਰਨ ਦੇ ਯੋਗ ਪਾਏ ਗਏ ਲਾਭਪਾਤਰੀਆਂ ਨੂੰ ਕੁੱਲ ਰਕਮ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ, ਅੱਜ ਉਨ੍ਹਾਂ ਨੂੰ ਉਸਾਰੀ ਸ਼ੁਰੂ ਕਰਨ ਲਈ 30,000 ਰੁਪਏ ਦੀ ਪਹਿਲੀ ਕਿਸ਼ਤ, ਲੈਂਟਰ ਪੱਧਰ ‘ਤੇ 72,000 ਰੁਪਏ ਦੀ ਦੂਜੀ ਅਤੇ ਮੁਕੰਮਲ ਹੋਣ ‘ਤੇ 18,000 ਰੁਪਏ ਦੀ ਆਖਰੀ ਤੇ ਤੀਜੀ ਕਿਸ਼ਤ ਦਿੱਤੀ ਜਾਵੇਗੀ।
ਉਨ੍ਹਾਂ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਤੁਰੰਤ ਕੰਮ ਸ਼ੁਰੂ ਕਰਨ ਤਾਂ ਜੋ ਉਨ੍ਹਾਂ ਦੇ ਸੁਪਨਿਆਂ ਅਨੁਸਾਰ ਉਨ੍ਹਾਂ ਨੂੰ ਪੱਕਾ ਮਕਾਨ ਮਿਲ ਸਕੇ।
ਇਸ ਤੋਂ ਪਹਿਲਾਂ ਉਨ੍ਹਾਂ ‘ਸਰਕਾਰ ਤੁਹਾਡੇ ਦੁਆਰ’ ਕੈਂਪ ਦੌਰਾਨ ਪਿੰਡ ਪੰਡਵਾਲਾ ਵਿਖੇ ਹੈਬਤਪੁਰ, ਸੁੰਦਰਾ, ਮੁਬਾਰਕਪੁਰ, ਖੇੜੀ, ਨਿੰਬੂਆ, ਡਫਰਪੁਰ ਅਤੇ ਕਕਰਾਲੀ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਜ਼ਿਲ੍ਹਾ ਵਾਸੀਆਂ ਦੀ ਉਨ੍ਹਾਂ ਦੇ ਘਰ-ਘਰ ਜਾ ਕੇ ਸੇਵਾ ਕਰਨ ਲਈ ਵਚਨਬੱਧ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਪਿੰਡ ਪੱਧਰ ‘ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।
ਵਿਧਾਇਕ ਨੇ ਦੱਸਿਆ ਕਿ ਐਸ.ਡੀ.ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਦੀ ਅਗਵਾਈ ਵਿੱਚ ਇੱਕ ਪ੍ਰਸ਼ਾਸਕੀ ਟੀਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕੈਂਪ ਵਿੱਚ ਹਾਜ਼ਰ ਰਹੇ ਤਾਂ ਜੋ ਕੈਂਪ ਦਾ ਦੌਰਾ ਕਰਨ ਵਾਲੇ ਇਲਾਕਾ ਨਿਵਾਸੀਆਂ ਪ੍ਰਤੀ ਸਰਕਾਰੀ ਜ਼ਿੰਮੇਵਾਰੀਆਂ ਨੂੰ ਨਿਪਟਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਸਿਰਫ਼ ਇਨ੍ਹਾਂ ਕੈਂਪਾਂ ਤੱਕ ਹੀ ਸੀਮਤ ਨਹੀਂ ਹੈ, ਸਗੋਂ  ਲੋਕਾਂ ਨੂੰ 1076 ਟੋਲ-ਫ੍ਰੀ ਨੰਬਰ ‘ਤੇ ਡਾਇਲ ਕਰਕੇ 43 ਨੋਟੀਫਾਈ ਸੇਵਾਵਾਂ ਨੂੰ ਘਰ-ਘਰ ਜਾ ਕੇ ਪ੍ਰਾਪਤ ਕਰਨ ਲਈ ਦੀ ਸੁਵਿਧਾ ਵੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਾਗਰਿਕ ਸੇਵਾਵਾਂ ਦੀ ਇਸ ਹੋਮ ਡਿਲੀਵਰੀ ਸਕੀਮ ਦਾ ਲਾਭ ਸੈਂਕੜੇ ਲੋਕ ਲੈ ਰਹੇ ਹਨ ਜੋ ਕਿ ਨਾਗਰਿਕਾਂ ਵਿੱਚ ਹਰਮਨ ਪਿਆਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਡਾਇਲ 1076 ਰਾਹੀਂ ਨਾਗਰਿਕਾਂ ਨੂੰ ਜੋ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਉਹ ਹਨ, ਜਿਨ੍ਹਾਂ ਲਈ ਪਹਿਲਾਂ ਉਨ੍ਹਾਂ ਨੂੰ ਸੇਵਾ ਕੇਂਦਰਾਂ ਜਾਂ ਸਰਕਾਰੀ ਦਫ਼ਤਰਾਂ ਵਿੱਚ ਜਾਣਾ ਪੈਂਦਾ ਸੀ ਅਤੇ ਹੁਣ ਸਰਕਾਰੀ ਨੁਮਾਇੰਦੇ ਰਿਹਾਇਸ਼ੀ ਸਰਟੀਫਿਕੇਟ ਵਰਗੀਆਂ ਲੋੜੀਂਦੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਉਨ੍ਹਾਂ ਦੇ ਘਰ ਜਾ ਰਹੇ ਹਨ। ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਜਨਮ/ਮੌਤ ਸਰਟੀਫਿਕੇਟ, ਫਰਦ, ਲੇਬਰ ਰਜਿਸਟ੍ਰੇਸ਼ਨ, ਪੈਨਸ਼ਨ, ਪੇਂਡੂ ਖੇਤਰ ਸਰਟੀਫਿਕੇਟ ਅਤੇ ਹੋਰ ਕੈਂਪਾਂ ਵਿੱਚ ਵੀ ਅਪਲਾਈ ਕੀਤੇ ਜਾ ਸਕਦੇ ਹਨ।

Leave a Reply

Your email address will not be published. Required fields are marked *