ਐਮ.ਐਲ.ਏ ਫਰੀਦਕੋਟ ਨੇ ਬੱਚਿਆਂ ਨੂੰ ਪੌਦੇ ਲਗਾਉਣ ਲਈ ਪ੍ਰੇਰਿਆ

ਫ਼ਰੀਦਕੋਟ 02 ਅਗਸਤ, 2024

ਅੱਜ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਪਿੰਡ ਸੁੱਖਣਵਾਲਾ ਵਿਖੇ ਸੁਵਿਧਾ ਕੈਂਪ ਲਗਾਉਣ ਉਪਰੰਤ ਪਿੰਡ ਦੇ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਅਤੇ ਸੈਕੰਡਰੀ ਸਕੂਲ ਵਿਖੇ ਅਚਨਚੇਤ ਦੌਰਾ ਕੀਤਾ ਅਤੇ ਸਕੂਲ ਵਿੱਚ ਬੂਟੇ ਲਗਾਏ ।

ਇਸ ਦੌਰਾਨ ਐਮ.ਐਲ.ਏ ਸੇਖੋਂ ਨੇ ਬੱਚਿਆਂ ਨੂੰ ਸੰਬੋਧਿਤ ਹੁੰਦਿਆ ਵਾਤਾਵਰਨ ਪ੍ਰਤੀ ਆਪਣੇ ਫਰਜ ਤੋਂ ਜਾਣੂ ਕਰਵਾਇਆ । ਉਨ੍ਹਾਂ ਕਿਹਾ ਕਿ ਵੱਧ ਰਹੇ ਤਾਪਮਾਨ, ਖਰਾਬ ਹੋ ਰਹੀ ਫਿਜ਼ਾ ਅਤੇ ਪ੍ਰਦੂਸ਼ਣ ਨੂੰ ਵੱਧ ਤੋਂ ਵੱਧ ਬੂਟੇ ਲਗਾ ਕੇ ਠੀਕ ਕੀਤਾ ਜਾ ਸਕਦਾ ਹੈ । ਉਨ੍ਹਾਂ ਅਧਿਆਪਕਾਂ ਨੂੰ ਮੁਖਾਤਿਬ ਹੁੰਦਿਆਂ ਉਨ੍ਹਾਂ ਬੱਚਿਆਂ ਵੱਲ ਵਧੇਰੇ ਧਿਆਨ ਦੇਣ ਦੀ ਅਪੀਲ ਕੀਤੀ ਜੋ ਪੜ੍ਹਾਈ ਵਿੱਚ ਕਮਜ਼ੋਰ ਹਨ ।

ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਰੁਤਬਾ ਸਮਾਜ ਵਿੱਚ ਬਹੁਤ ਉੱਚਾ ਹੈ ਅਤੇ ਸਰਕਾਰੀ ਸਕੂਲ ਦੇ ਅਧਿਆਪਕਾਂ ਨੇ ਇਸ ਰੁਤਬੇ ਨੂੰ ਕਾਇਮ ਰੱਖਣ ਵਾਸਤੇ ਕੋਈ ਕਸਰ ਨਹੀਂ ਛੱਡੀ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਨਾਲੋਂ ਸਰਕਾਰੀ ਸਕੂਲ ਦੇ ਬੱਚਿਆਂ ਦੇ ਨਤੀਜੇ ਕਾਫੀ ਬਿਹਤਰ ਆ ਰਹੇ ਹਨ ਪਰ ਇਹਨਾਂ ਵਿੱਚ ਹਾਲੇ ਹੋਰ ਵੀ ਮਿਹਨਤ ਕਰਨ ਦੀ ਲੋੜ ਹੈ ।

ਉਹਨਾਂ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਸਵੇਰੇ ਜਾਂ ਛੁੱਟੀ ਤੋਂ ਬਾਅਦ ਪੜ੍ਹਾਈ ਵਿੱਚ ਕਮਜ਼ੋਰ ਬੱਚਿਆਂ ਵੱਲ ਨਿੱਜੀ ਦਿਲਚਸਪੀ ਲੈ ਕੇ ਬੱਚਿਆਂ ਨੂੰ ਪ੍ਰੇਰ ਕੇ ਉਹਨਾਂ ਦੀ ਪੜ੍ਹਾਈ ਲਈ ਵੱਧ ਸਮਾਂ ਗੁਜਾਰਨ ਤਾਂ ਜੋ ਉਹ ਬੱਚੇ ਵੀ ਮੋਹਰਲੀ ਕਤਾਰ ਵਿੱਚ ਸ਼ਾਮਿਲ ਹੋ ਸਕਣ । ਉਹਨਾਂ ਕਿਹਾ ਕਿ ਹਰ ਬੱਚੇ ਵਿੱਚ ਕੋਈ ਨਾ ਕੋਈ ਗੁਣ ਜਰੂਰ ਹੁੰਦਾ ਤੇ ਉਸ ਗੁਣ ਨੂੰ ਲੱਭਣ ਦਾ ਫਰਜ ਅਧਿਆਪਕਾਂ ਦਾ ਹੁੰਦਾ ਹੈ ਅਤੇ ਅਧਿਆਪਕ ਲੋਹੇ ਨੂੰ ਤਰਾਸ਼ ਕੇ ਸੋਨੇ ਦੇ ਮੁੱਲ ਦੇ ਬਰਾਬਰ ਕਰ ਸਕਣ ਦੀ ਸਮਰਥਾ ਰੱਖਦਾ ਹੈ ।

ਜੀਵਨ ਦੀਆਂ ਕਈ ਉਦਾਹਰਨਾਂ ਸਾਂਝੀਆਂ ਕਰਦੇ ਉਨ੍ਹਾਂ ਦੱਸਿਆ ਕਿ ਵੱਡੇ ਅਹੁਦਿਆਂ ਤੇ ਪਹੁੰਚਣ ਵਾਲੇ ਬੱਚੇ ਸ਼ੁਰੂਆਤੀ ਜੀਵਨ ਵਿੱਚ ਕਮਜ਼ੋਰ ਸਨ ਪਰ ਚੰਗੇ ਅਧਿਆਪਕਾਂ ਅਤੇ ਗੁਰੂਆਂ ਦੇ ਲੜ ਲੱਗ ਕੇ ਉਹ ਵਿਦਵਾਨ ਕਹਾਏ ਹਨ ।

ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਫ਼ਲਤਾ ਦਾ ਕੋਈ ਸ਼ਾਰਟ ਕੱਟ ਨਹੀਂ ਹੈ ਇਸ ਲਈ ਆਪਣੇ ਜੀਵਨ ਵਿੱਚ ਵੱਡੇ ਮੁਕਾਮਾਂ ਨੂੰ ਹਾਸਲ ਕਰਨ ਲਈ ਮਿਹਨਤ ਕਰਨ ਦੀ ਲੋੜ ਹੈ।  ਉਨ੍ਹਾਂ ਕਿਹਾ ਕਿ ਜੇਕਰ ਉਹ ਮਨ ਲਗਾ ਕੇ ਪੜ੍ਹਾਈ ਕਰਨਗੇ ਤਾਂ ਵੱਡੇ ਹੋ ਕੇ ਚੰਗੇ ਅਹੁਦਿਆਂ ਤੇ ਪਹੁੰਚ ਸਕਣਗੇ । ਬੱਚਿਆਂ ਨਾਲ ਗੱਲਬਾਤ ਕਰਨ ਉਪਰੰਤ ਉਨ੍ਹਾਂ ਅਧਿਆਪਕਾਂ ਨਾਲ ਵੀ ਰਾਬਤਾ ਕਾਇਮ ਕੀਤਾ ਅਤੇ ਕਿਹਾ ਕਿ ਹਰ ਸ਼ਨੀਵਾਰ ਮਾਪਿਆਂ ਨਾਲ ਮਿਲਣੀ ਕੀਤੀ ਜਾਵੇ । ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਾਪਿਆਂ ਦਾ ਵੀ ਇਹ ਨੈਤਿਕ ਫਰਜ਼ ਹੈ ਕਿ ਉਹ ਬੱਚਿਆਂ ਨੂੰ ਸਹੀ ਦਿਸ਼ਾ ਪ੍ਰਦਾਨ ਕਰਨ ਲਈ ਅਧਿਆਪਕਾਂ ਨਾਲ ਤਾਲਮੇਲ ਕਰਦੇ ਰਹਿਣ ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਸ. ਨਰਭਿੰਦਰ ਸਿੰਘ ਗਰੇਵਾਲ ਅਤੇ ਸ. ਗੁਰਦਵਿੰਦਰ ਸਿੰਘ ਪ੍ਰਿੰਸੀਪਲ, ਸ੍ਰੀ ਯਸ਼ਵੰਤ ਕੁਮਾਰ ਪ੍ਰਿੰਸੀਪਲ ਅਤੇ ਸਕੂਲ ਦਾ ਸਟਾਫ ਹਾਜ਼ਰ ਸਨ ।

Leave a Reply

Your email address will not be published. Required fields are marked *