ਮੀਤ ਹੇਅਰ ਨੇ ਲੋਕ ਸਭਾ ਵਿੱਚ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਉਠਾਇਆ

ਨਵੀਂ ਦਿੱਲੀ/ਚੰਡੀਗੜ੍ਹ, 4 ਦਸੰਬਰ
ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਵਿੱਚ ਸਮੁੱਚੇ ਮਾਲਵੇ ਖਿੱਤੇ ਨੂੰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਰੇਲ ਰਾਹੀਂ ਜੋੜਨ ਲਈ ਰਾਜਪੁਰਾ-ਚੰਡੀਗੜ੍ਹ ਰੇਲ ਲਿੰਕ ਬਣਾਉਣ ਦਾ ਮੁੱਦਾ ਉਠਾਇਆ।

ਮੀਤ ਹੇਅਰ ਨੇ ਅੱਜ ਸਦਨ ਵਿੱਚ ਰੇਲ ਸਬੰਧੀ ਆਏ ਇੱਕ ਬਿੱਲ ਉੱਤੇ ਬਹਿਸ ਵਿੱਚ ਹਿੱਸਾ ਲੈਂਦਿਆਂ ਕਿਹਾ ਕਿ ਰੇਲ ਸਭ ਤੋਂ ਸਸਤਾ, ਸੌਖਾ ਤੇ ਵਧੀਆ ਆਵਾਜਾਈ ਦਾ ਸਾਧਨ ਹੈ ਜਿਸ ਨਾਲ ਸਭ ਤੋਂ ਵੱਧ ਆਮ ਆਦਮੀ ਨੂੰ ਫ਼ਾਇਦਾ ਹੁੰਦਾ ਹੈ। ਆਜ਼ਾਦੀ ਦੇ 77 ਸਾਲ ਬਾਅਦ ਵੀ ਮਾਲਵਾ ਖਿੱਤੇ ਦੇ ਲੋਕ ਆਪਣੀ ਰਾਜਧਾਨੀ ਨਾਲ ਸਿੱਧਾ ਰੇਲ ਨਾਲ ਨਹੀਂ ਜੁੜੇ ਜਿਸ ਲਈ ਸਿਰਫ ਰਾਜਪੁਰਾ ਤੇ ਚੰਡੀਗੜ੍ਹ ਨੂੰ ਜੋੜਨਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਜ਼ਮੀਨ ਐਕਵਾਇਰ ਦੀ ਮੰਗ ਦਾ ਹਵਾਲਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੜਕਾਂ ਬਣਾਉਣ ਲਈ ਜ਼ਮੀਨ ਐਕਵਾਇਰ ਹੋ ਸਕਦੀ ਹੈ ਤਾਂ ਸਰਕਾਰੀ ਰੇਲ ਸੇਵਾ ਲਈ ਕਿਉਂ ਨਹੀਂ।

ਲੋਕ ਸਭਾ ਮੈਂਬਰ ਮੀਤ ਹੇਅਰ ਨੇ ਇਕ ਹੋਰ ਅਹਿਮ ਮੁੱਦਾ ਚੁੱਕਦਿਆਂ ਕਿਹਾ ਕਿ ਕੋਵਿਡ ਸਮੇਂ ਵਿੱਚ ਸੀਨੀਅਰ ਸਿਟੀਜਨ ਤੇ ਖਿਡਾਰੀਆਂ ਨੂੰ ਮਿਲਦੀ ਰਿਆਇਤ ਬੰਦ ਕਰ ਦਿੱਤੀ ਸੀ। ਇਸ ਨੂੰ ਮੁੜ ਸ਼ੁਰੂ ਕੀਤਾ ਜਾਵੇ ਅਤੇ ਇਸ ਦੇ ਦਾਇਰੇ ਵਿੱਚ ਵਿਦਿਆਰਥੀ ਵੀ ਲਿਆਂਦੇ ਜਾਣ।ਮੀਤ ਹੇਅਰ ਨੇ ਇਹ ਵੀ ਆਖਿਆ ਕਿ ਬਰਨਾਲਾ-ਸੰਗਰੂਰ ਇਲਾਕੇ ਵਿੱਚ ਕੋਈ ਵੀ ਹਾਈ ਸਪੀਡ ਰੇਲ ਨਹੀਂ ਗੁਜ਼ਰਦੀ ਜਿਸ ਲਈ ਇਹ ਮੰਗ ਜਲਦ ਪੂਰੀ ਕੀਤੀ ਜਾਵੇ।

ਮੀਤ ਹੇਅਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿਰਫ 15 ਹਜ਼ਾਰ ਰੇਲ ਲਾਈਨ ਹੋਰ ਵਿਛਾਈ ਗਈ ਜੋ ਕਿ ਬਹੁਤ ਘੱਟ ਹੈ। ਰੇਲ ਭਾਰਤ ਦੀ ਰੀੜ੍ਹ ਦੀ ਹੱਡੀ ਹੈ। ਸਰਕਾਰ ਜਿਵੇਂ ਬੰਦਰਗਾਹ ਸਮੇਤ ਹੋਰ ਸਰਕਾਰੀ ਅਦਾਰਿਆਂ ਦਾ ਨਿੱਜੀਕਰਨ ਕਰਨ ਉੱਤੇ ਉਤਾਰੂ ਹੈ ਉਥੇ ਸਾਨੂੰ ਸ਼ੰਕਾ ਹੈ ਕਿ ਰੇਲ ਵੀ ਨਿੱਜੀ ਹੱਥਾਂ ਵਿੱਚ ਨਾ ਵੇਚ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਡਾਣ ਸਕੀਮ ਤਹਿਤ ਸਸਤੇ ਹਵਾਈ ਸਫਰ ਦੇ ਹਵਾਈ ਕਿਲੇ ਉਸਾਰੇ ਸਨ ਜੋ ਕਿ ਪੂਰੇ ਨਹੀਂ ਹੋਏ। ਇਸ ਲਈ ਦੇਸ਼ ਵਾਸੀਆਂ ਲਈ ਰੇਲ ਹੀ ਇਕਮਾਤਰ ਸਸਤਾ ਤੇ ਸੁਖਾਲਾ ਆਵਾਜਾਈ ਦਾ ਸਾਧਨ ਹੈ ਜਿਸ ਲਈ ਰੇਲਵੇ ਨੈਟਵਰਕ ਨੂੰ ਮਜ਼ਬੂਤ ਕਰਨਾ ਸਭ ਤੋਂ ਜ਼ਰੂਰੀ ਹੈ।

Leave a Reply

Your email address will not be published. Required fields are marked *