ਐੱਸ.ਏ.ਐੱਸ. ਨਗਰ 10 ਦਸੰਬਰ, 2024:
ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲਾ ਰੈਡ ਕਰਾਸ ਸ਼ਾਖਾ, ਐੱਸ ਏ ਐੱਸ ਨਗਰ ਆਸ਼ਿਕਾ ਜੈਨ, ਦੀ ਰਹਿਨੁਮਾਈ ਹੇਠ ਰੈਡ ਕਰਾਸ ਸ਼ਾਖਾ ਵੱਲੋਂ ਅੱਜ ਕੰਡੀ ਏਰੀਆ ਵਿੱਚ ਪੈਂਦੇ ਪਿੰਡ ਮਿਰਜ਼ਾਪੁਰ ਬਲਾਕ ਮਾਜਰੀ ਤਹਿਸੀਲ ਖਰੜ ਵਿਖੇ ਮੈਡੀਕਲ ਚੈੱਕਅੱਪ ਕੈਂਪ ਅਤੇ ਫਸਟ ਏਡ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਮਿਰਜ਼ਾਪੁਰ ਸਕੂਲ ਦੇ ਬੱਚਿਆਂ ਅਤੇ ਅਧਿਆਪਕਾ ਨੂੰ ਫਸਟ ਏਡ ਬਾਰੇ ਜਾਣੂੰ ਕਰਵਾਇਆ ਗਿਆ। ਪਿੰਡ ਮਿਰਜ਼ਾਪੁਰ ਸਕੂਲ ਦੇ ਬੱਚਿਆਂ, ਅਧਿਆਪਕਾ ਅਤੇ ਪਿੰਡ ਦੇ ਵਿਅਕਤੀਆਂ ਦਾ ਜਨਰਲ ਮੈਡੀਕਲ ਚੈੱਕਅੱਪ ਕੀਤਾ ਗਿਆ। ਇਸ ਮੌਕੇ ਸਕੱਤਰ ਰੈਡ ਕਰਾਸ ਹਰਬੰਸ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸ਼ਾਖਾ ਗ਼ਰੀਬ ਅਤੇ ਲੋੜਵੰਦ ਵਿਅਕਤੀਆਂ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੀ ਹੈ। ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਹ ਸਭ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਆਸ਼ਿਕਾ ਜੈਨ, ਵਧੀਕ ਡਿਪਟੀ ਕਮਿਸ਼ਨਰ-ਕਮ- ਸੀਨੀਅਰ ਮੀਤ ਪ੍ਰਧਾਨ ਵਿਰਾਜ ਸ਼ਿਆਮਕਰਨ ਤਿੜਕੇ ਅਤੇ ਸਹਾਇਕ ਕਮਿਸ਼ਨਰ-ਕਮ-ਅਵੇਤਨੀ ਸਕੱਤਰ ਡਾ. ਅੰਕਿਤਾ ਕਾਂਸਲ ਦੇ ਆਦੇਸ਼ਾਂ ਨਾਲ ਹੀ ਸੰਭਵ ਹੋ ਸਕਿਆ ਹੈ। ਸਕੱਤਰ ਰੈਡ ਕਰਾਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਕੈਂਪ ਦੌਰਾਨ ਪਿੰਡ ਦੇ ਵਿਅਕਤੀਆਂ ਅਤੇ ਬੱਚਿਆਂ ਦਾ ਜਨਰਲ ਮੈਡੀਕਲ ਚੈੱਕਅੱਪ ਕਰਕੇ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਇਹ ਕੈਂਪ ਸਿਵਲ ਸਰਜਨ, ਐਸ.ਏ.ਐੱਸ. ਨਗਰ, ਡਾਕਟਰ ਅਲਕਜੋਤ ਕੌਰ, ਸੀਨੀਅਰ ਮੈਡੀਕਲ ਅਫ਼ਸਰ, ਪ੍ਰਾਇਮਰੀ ਹੈਲਥ ਸੈਂਟਰ, ਬੂਥਗੜ੍ਹ, ਡਾਕਟਰ ਮੋਨਿਕਾ ਸਮੇਤ ਟੀਮ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਮੌਕੇ ਰੈੱਡ ਕਰਾਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਟੀਮ ਵੀ ਸ਼ਾਮਿਲ ਸੀ।