ਬਰਨਾਲਾ, 26 ਅਪ੍ਰੈਲ
ਨਸ਼ਿਆਂ ਦੀ ਅਲਾਮਤ ਖ਼ਿਲਾਫ਼ ਇਕਜੁੱਟ ਹੋ ਕੇ ਡਟਣ ਦਾ ਸੱਦਾ ਦਿੰਦੇ ਹੋਏ ਵਿਧਾਇਕ ਭਦੌੜ ਸ. ਲਾਭ ਸਿੰਘ ਉੱਗੋਕੇ ਨੇ ਅੱਜ ਬਾਬਾ ਕਾਲਾ ਮਹਿਰ ਸਟੇਡੀਅਮ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਿਆਂ ਖ਼ਿਲਾਫ਼ ਹਲਫ਼ ਦਿਵਾਇਆ ਜਿਸ ਮਗਰੋਂ ਉਨ੍ਹਾਂ ਵਾਕਾਥਨ ਦੇ ਰੂਪ ਵਿਚ ਜਨ ਜਾਗਰੂਕਤਾ ਮੁਹਿੰਮ ਨੂੰ ਹਰੀ ਝੰਡੀ ਦਿਖਾਈ।
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਕਰਵਾਏ ਪ੍ਰੋਗਰਾਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਆਓ ਅਸੀਂ ਸਾਰੇ ਇਕਜੁੱਟ ਹੋਕੇ ਨਸ਼ਿਆਂ ਦੇ ਖਾਤਮੇ ਲਈ ਕੰਮ ਕਰੀਏ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਜੰਗ ਵਿੱਚ ਲੋਕਾਂ ਦਾ ਸਹਿਯੋਗ ਲੈਣ ਲਈ ਵਟਸਐਪ ਹੈਲਪਲਾਈਨ ਨੰਬਰ 97791-00200 ਜਾਰੀ ਕੀਤਾ ਹੈ। ਇਸ ‘ਤੇ ਜਾਣਕਾਰੀ ਭੇਜਣ ਵਾਲਿਆਂ ਦੀ ਜਾਣਕਾਰੀ ਗੁਪਤ ਰੱਖੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਜੰਗ ਨੂੰ ਲੋਕ ਲਹਿਰ ਵਿੱਚ ਬਦਲਿਆ ਜਾਵੇਗਾ ਕਿਉਂਕਿ ਇਹ ਸਿਰਫ਼ ਪੁਲਿਸ ਦੀ ਲੜਾਈ ਨਹੀਂ, ਸਗੋਂ ਸਮੁੱਚੇ ਸਮਾਜ ਦੀ ਲੜਾਈ ਹੈ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਗੱਲ ਹੈ ਕਿ ਹੁਣ ਲੋਕ ਇਸ ਮੁਹਿੰਮ ਲਈ ਅੱਗੇ ਆ ਰਹੇ ਹਨ ਅਤੇ ਪਿੰਡਾਂ ਦੀਆਂ ਪੰਚਾਇਤਾਂ ਨਸ਼ਿਆਂ ਵਿਰੁੱਧ ਮਤੇ ਪਾਸ ਕਰ ਰਹੀਆਂ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਰੋਜ਼ਾਨਾ ਪੱਧਰ ‘ਤੇ ਜਿੱਥੇ ਜਾਗਰੂਕਤਾ ਗਤੀਵਿਧੀਆਂ ਉਲੀਕੀਆਂ ਜਾ ਰਹੀਆਂ ਹਨ, ਓਥੇ ਸਿਹਤ ਵਿਭਾਗ ਰਾਹੀਂ ਨਸ਼ਾ ਛੁਡਾਊ ਅਤੇ ਮੁੜ ਵਸੇਬਾ ਕੇਂਦਰਾਂ ਦੀਆਂ ਸਹੂਲਤਾਂ ਦਾ ਵੀ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ। ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਨੂੰ ਦੂਰ ਰਹਿਣ ਅਤੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ।
ਇਸ ਮੌਕੇ ਮਾਰਚ ਦੇ ਰੂਪ ਵਿਚ ਬਾਬਾ ਕਾਲਾ ਮਹਿਰ ਸਟੇਡੀਅਮ ਤੋਂ ਸ਼ੁਰੂ ਹੋ ਕੇ ਫੁਹਾਰਾ ਚੌਕ, ਵਾਲਮੀਕਿ ਚੌਕ, ਬੱਸ ਸਟੈਂਡ ਰੋਡ ਹੁੰਦੇ ਹੋਏ ਇਹ ਵਾਕਾਥਨ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਖਤਮ ਹੋਈ। ਇਸ ਮੌਕੇ ਪੁੱਜੇ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ, ਨੌਜਵਾਨਾਂ ਤੇ ਐਨ ਸੀ ਸੀ ਕੈਡਿਟਸ ਨੇ ਹੱਥਾਂ ਵਿਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੀਆਂ ਤਖਤੀਆਂ ਫੜੀਆਂ ਹੋਈਆਂ ਸਨ।
ਇਸ ਤੋਂ ਪਹਿਲਾਂ ਵਾਕਾਥਨ ਲਈ ਪੁੱਜੇ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਸੀਐਮ ਦੀ ਯੋਗਸ਼ਾਲਾ ਟੀਮ ਵਲੋਂ ਯੋਗ ਵੀ ਕਰਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਲਕਾ ਇੰਚਾਰਜ ਸ. ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਬਰਨਾਲਾ ਸ੍ਰੀ ਰਾਮ ਤੀਰਥ ਮੰਨਾ, ਚੇਅਰਮੈਨ ਮਾਰਕੀਟ ਕਮੇਟੀ ਬਰਨਾਲਾ ਪਰਮਿੰਦਰ ਸਿੰਘ ਭੰਗੂ, ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਗੁਰਜੋਤ ਸਿੰਘ ਭੱਠਲ, ਮੈਂਬਰ ਐੱਸ ਸੀ ਕਮਿਸ਼ਨ ਸ. ਰੁਪਿੰਦਰ ਸਿੰਘ ਸੀਤਲ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸਤਵੰਤ ਸਿੰਘ, ਐੱਸ ਪੀ ਅਸ਼ੋਕ ਕੁਮਾਰ ਸ਼ਰਮਾ, ਐੱਸ ਡੀ ਐਮ ਹਰਕੰਵਲਜੀਤ ਸਿੰਘ, ਸੀ ਐਮ ਫੀਲਡ ਅਫ਼ਸਰ ਜੁਗਰਾਜ ਸਿੰਘ ਕਾਹਲੋ, ਡੀ ਐੱਸ ਪੀ ਸਤਵੀਰ ਸਿੰਘ, ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਇੰਦੂ ਸਿਮਕ ਅਤੇ ਸਕੂਲ ਇੰਚਾਰਜ, ਡੀ ਪੀ ਅਧਿਆਪਕ, ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ ਅਤੇ ਕੋਚ ਤੇ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ, ਪਤਵੰਤੇ ਤੇ ਸ਼ਹਿਰ ਵਾਸੀ ਹਾਜ਼ਰ ਸਨ।