ਲੁਧਿਆਣਾ, 20 ਸਤੰਬਰ (000) – ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਸਥਾਨਕ ਸ਼ੇਰਪੁਰ ਦੀ 100 ਫੁੱਟੀ ਰੋਡ ‘ਤੇ ਕੂੜਾ ਪ੍ਰਬੰਧਨ ਲਈ ਸਟੈਟਿਕ ਕੰਪੈਕਟਰ ਦਾ ਉਦਘਾਟਨ ਕੀਤਾ।
ਵਿਧਾਇਕ ਛੀਨਾ ਨੇ ਕਿਹਾ ਕਿ ਇਲਾਕਾ ਨਿਵਾਸੀ ਕੂੜੇ ਦੇ ਢੇਰਾਂ ਤੋਂ ਬੇਹੱਦ ਪਰੇਸ਼ਾਨ ਸਨ, ਖਾਸ ਕਰਕੇ ਬਰਸਾਤੀ ਮੌਸਮ ਦੌਰਾਨ ਇਲਾਕੇ ਵਿੱਚ ਬਦਬੂ ਫੈਲ ਜਾਂਦੀ ਸੀ ਅਤੇ ਭਿਆਨਕ ਬਿਮਾਰੀਆਂ ਦੇ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵੱਲੋਂ ਟਾਲ ਮਟੌਲ ਦੀ ਨੀਤੀ ਅਪਣਾਈ ਜਾਂਦੀ ਸੀ ਅਤੇ ਇਲਾਕਾਂ ਨਿਵਾਸੀਆਂ ਦੀਆਂ ਮੁਸ਼ਕਿਲਾਂ ਨੂੰ ਹਮੇਸ਼ਾਂ ਅੱਖੋਂ ਪਰੋਖੇ ਕੀਤਾ ਗਿਆ। ਲੋਕ ਗੰਦਗੀ ਵਿੱਚ ਰਹਿਣ ਲਈ ਮਜ਼ਬੂਰ ਸਨ।
ਵਿਧਾਇਕ ਛੀਨਾ ਨੇ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਅਤੇ ਸਟੈਟਿਕ ਕੰਪੈਕਟਰ ਲੱਗਣ ਨਾਲ ਸ਼ੇਰਪੁਰ ਮਾਰਕੀਟ ਦੇ ਆਲੇ-ਦੁਆਲੇ ਦਾ ਕੂੜਾ ਕੰਪੈਕਟਰ ਰਾਹੀਂ ਇਕੱਠਾ ਕੀਤਾ ਜਾਵੇਗਾ। ਵਿਧਾਇਕ ਛੀਨਾ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਹਲਕਾ ਦੱਖਣੀ ਵਿੱਚ ਹੁਣ ਤੱਕ 7 ਸਟੈਟਿਕ ਕੰਪੈਕਟਰ ਲੱਗ ਚੁੱਕੇ ਹਨ ਅਤੇ ਜਲਦ ਦੋ ਹੋਰ ਕੰਪੈਕਟਰ ਲਗਾਏ ਜਾਣਗੇ।
ਉਨ੍ਹਾਂ ਕਿਹਾ ਕਿ ਖੇਤਰ ਵਿੱਚ ਠੋਸ ਰਹਿੰਦ-ਖੂੰਹਦ ਦੇ ਵਧੀਆ ਅਤੇ ਪ੍ਰਭਾਵਸ਼ਾਲੀ ਪ੍ਰਬੰਧਨ ਲਈ ਇਹ ਸਟੈਟਿਕ ਕੰਪੈਕਟਰ ਲਗਾਏ ਜਾ ਰਹੇ ਹਨ। ਕੰਪੈਕਟਰ ਲਗਾਉਣ ਤੋਂ ਬਾਅਦ ਇਲਾਕਾ ਨਿਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ।
ਇਸ ਮੌਕੇ ਨਗਰ ਨਿਗਮ ਜ਼ੋਨਲ ਕਮਿਸ਼ਨਰ ਨੀਰਜ ਜੈਨ, ਐਸ.ਸੀ. ਬਾਜਵਾ, ਸੈਨੇਟਰੀ ਇੰਸਪੈਕਟਰ ਨਿਸ਼ੂ ਤੋਂ ਇਲਾਵਾ ਕੁਲਵੰਤ ਸਿੰਘ, ਸ਼ੈਲੀ ਟੱਕਰ, ਦਵਿੰਦਰ ਸਿੰਘ ਸ਼ੇਰਪੁਰੀ ਵੀ ਮੌਜੂਦ ਸਨ।