ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਸਰਕਾਰ ਨੇ ਚੁੱਕੇ ਇਤਿਹਾਸਕ ਕਦਮ-ਵਿਧਾਇਕ ਰੁਪਿੰਦਰ ਸਿੰਘ ਹੈਪੀ

ਫ਼ਤਹਿਗੜ੍ਹ ਸਾਹਿਬ, 28 ਫਰਵਰੀ;

          ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਇਤਿਹਾਸਕ ਕਦਮ ਚੁੱਕੇ ਗਏ ਹਨ ਅਤੇ ਪਹਿਲੀ ਵਾਰ ਹੋਇਆ ਹੈ ਕਿ 50 ਹਜ਼ਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਣਾ ਦੇ ਵਿਧਾਇਕ ਸ. ਰੁਪਿੰਦਰ ਸਿੰਘ ਹੈਪੀ ਨੇ ਯੂਨੀਵਰਸਿਟੀ ਕਾਲਜ਼ ਚੁੰਨੀ ਕਲਾਂ ਦੇ ਪਲੇਸਮੈਂਟ ਸੈੱਲ ਵੱਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਸਹਿਯੋਗ ਨਾਲ ਲਗਾਏ ਮੈਗਾ ਰੋਜ਼ਗਾਰ ਮੇਲੇ ਦੌਰਾਨ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਦਾ ਭਵਿੱਖ ਉਜਵਲ ਬਣਾਉਣ ਲਈ ਸਮੇਂ-ਸਮੇਂ ਤੇ ਅਹਿਮ ਫੈਸਲੇ ਕੀਤੇ ਗਏ ਹਨ ਤਾਂ ਜੋ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਕੇ ਹੱਸਦੇ, ਵੱਸਦੇ ਤੇ ਰੰਗਲੇ ਪੰਜਾਬ ਦੀ ਸਿਰਜਣਾ ਕੀਤੀ ਜਾ ਸਕੇ।

          ਵਿਧਾਇਕ ਹੈਪੀ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਸਿੱਖਿਆ ਬਹੁਤ ਜਰੂਰੀ ਹੈ, ਇਸ ਲਈ ਨੌਜਵਾਨ ਵਰਗ ਨੂੰ ਆਪਣੀ ਪੜ੍ਹਾਈ ਪੂਰੀ ਮਿਹਨਤ ਤੇ ਲਗਨ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਤੋਂ ਰੋਕਣ ਵਾਸਤੇ ਕਈ ਰੋਜ਼ਗਾਰ ਪੱਖੀ ਸਕੀਮਾਂ ਚਲਾ ਰਹੀ ਹੈ ਤਾਂ ਜੋ ਨੌਜਵਾਨ ਆਪਣੇ ਸੂਬੇ ਵਿੱਚ ਰਹਿ ਕੇ ਹੀ ਰੋਜ਼ਗਾਰ ਹਾਸਲ ਕਰ ਸਕਣ। ਉਨ੍ਹਾਂ ਮੈਗਾ ਰੋਜ਼ਗਾਰ ਮੇਲੇ ਲਗਾਉਣ ਲਈ ਯੂਨੀਵਰਸਿਟੀ ਕਾਲਜ਼ ਚੁੰਨੀ ਕਲਾਂ ਦੇ ਸਟਾਫ ਅਤੇ ਮੇਲੇ ਵਿੱਚ ਸ਼ਾਮਲ ਹੋਈਆਂ ਪ੍ਰਾਈਵੇਟ ਕੰਪਨੀਆਂ ਦੀ ਸ਼ਲਾਘਾ ਵੀ ਕੀਤੀ।

          ਇਸ ਮੌਕੇ ਯੂਨੀਵਰਸਿਟੀ ਕਾਲਜ਼ ਚੁੰਨੀ ਕਲਾਂ ਦੇ ਪਲੇਸਮੈਂਟ ਸੈੱਲ ਦੀ ਕੋਆਰਡੀਨੇਟਰ ਡਾ: ਨਵਜੋਤ ਕੌਰ ਨੇ ਦੱਸਿਆ ਕਿ ਕਾਲਜ਼ ਪ੍ਰਿੰਸੀਪਲ ਡਾ: ਵਨੀਤਾ ਗਰਗ ਦੀ ਅਗਵਾਈ ਵਿੱਚ ਲਗਾਏ ਇਸ ਮੈਗਾ ਰੋਜ਼ਗਾਰ ਮੇਲੇ ਵਿੱਚ 11 ਪ੍ਰਾਈਵੇਟ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਭਾਗ ਲਿਆ ਗਿਆ ਹੈ ਅਤੇ ਵੱਖ-ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ 200 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮੈਗਾ ਰੋਜ਼ਗਾਰ ਮੇਲੇ ਵਿੱਚ ਅਜ਼ਾਈਲ ਹਰਬਲ, ਟਾਈਮਸ ਪਰੋ, ਪਰੋਟਾਕ ਸੋਲਿਊਸ਼ਨਜ਼, ਲਾਈਫ ਇਨਸ਼ੋਰੰਸ, ਆਈ.ਸੀ.ਆਈ.ਸੀ.ਆਈ ਬੈਂਕ, ਟਿਵਾਣਾ ਆਇਲ ਪ੍ਰਾਈਵੇਟ ਲਿਮਿਟਡ, ਪੰਜਾਬ ਫਿਲਮ ਸੀਟੀ ਅਤੇ ਹੋਰ ਕਈ ਕੰਪਨੀਆਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ।

                ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਹਰਪ੍ਰੀਤ ਸਿੰਘ ਅਤੇ ਪਲੇਸਮੈਂਟ ਅਫਸਰ ਜਸਵਿੰਦਰ ਸਿੰਘ ਨੇ ਸਰਕਾਰ ਦੀਆਂ ਰੋਜ਼ਗਾਰ ਤੇ ਸਵੈ ਰੋਜ਼ਗਾਰ ਲਈ ਚਲਾਈਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਾਲਜ਼ ਦੇ ਲਗਪਗ 350 ਵਿਦਿਆਰਥੀਆਂ ਦੀ ਆਨ ਲਾਇਨ ਰਜਿਸਟਰੇਸ਼ਨ ਕੀਤੀ ਗਈ।

ਇਸ ਮੌਕੇ ਸੋਨੀ ਸੈਂਪਲਾ, ਸਿਮਰਨਜੀਤ ਸਿੰਮਾ, ਬਲਜਿੰਦਰ ਸਿੰਘ ਸਰਪੰਚ ਰਸੂਲਪੁਰ, ਕਾਲਜ ਪਲੇਸਮੈਂਟ ਸੈਲ ਦੀ ਟੀਮ ਡਾ. ਰੂਪਕਮਲ ਕੌਰ, ਡਾ. ਸਤਪਾਲ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਗੀਤ ਲਾਂਬਾ ਸਮੇਤ ਸਮੂਹ ਸਟਾਫ਼ ਮੈਂਬਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *