ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਅਧਾਰਤ ਝਾਕੀਆਂ ਨੂੰ ਭਰਵਾਂ ਹੁੰਗਾਰਾ: ਵਿਧਾਇਕ ਰੰਧਾਵਾ

ਡੇਰਾਬਸੀ/ਐੱਸ.ਏ.ਐੱਸ. ਨਗਰ, 29 ਜਨਵਰੀ
ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਇਤਿਹਾਸ ਤੇ ਸੱਭਿਆਚਾਰ ਨੂੰ ਦਰਸਾਉਂਦੀਆਂ ਝਾਕੀਆਂ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜ਼ਿਲ੍ਹੇ ਵਿਚ ਵੱਖ ਵੱਖ ਥਾਈਂ ਪੁੱਜਣ ਉੱਤੇ ਇਹਨਾਂ ਝਾਕੀਆਂ ਦਾ ਸਵਾਗਤ ਕੀਤਾ ਗਿਆ।
ਲੋਕਾਂ ਨੇ ਪੰਜਾਬ ਸਰਕਾਰ ਵੱਲੋਂ ਕੌਮੀ ਗਣਤੰਤਰ ਦਿਵਸ ਲਈ ਤਿਆਰ ਕੀਤੀਆਂ ਝਾਕੀਆਂ, ਜਿਨ੍ਹਾਂ ਨੂੰ ਉੱਥੇ ਪ੍ਰਦਰਸ਼ਿਤ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ, ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ।
ਭਾਂਖਰਪੁਰ ਵਿਖੇ ਝਾਂਕੀਆਂ ਦਾ ਸਵਾਗਤ ਹਲਕਾ ਡੇਰਾਬਸੀ ਦੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕੀਤਾ। ਇਸ ਬਾਬਤ ਹੋਰ ਜਾਣਕਾਰੀ ਸਾਂਝੀ ਕਰਦਿਆਂ ਹਲਕਾ ਵਿਧਾਇਕ ਨੇ ਦੱਸਿਆ ਕਿ ਅੱਜ ਇਹ ਝਾਕੀਆਂ ਚਪੜਚਿੜੀ ਯਾਦਗਾਰ ਤੋਂ ਸ਼ੁਰੂ ਹੋਈਆਂ, ਜਿੱਥੇ ਪਿੰਡਾਂ ਦੇ ਪੰਚਾਂ ਸਰਪੰਚਾਂ ਤੇ ਪਤਵੰਤਿਆਂ ਨੇ ਇਹਨਾਂ ਨੂੰ ਰਵਾਨਾ ਕੀਤਾ।
ਉਸ ਤੋਂ ਬਾਅਦ ਇਹ ਲਾਂਡਰਾਂ ਲਾਈਟ ਪੁਆਇੰਟ, ਸਨੇਟਾ, ਦੈੜੀ, ਏਅਰਪੋਰਟ ਚੌਕ, ਛੱਤ ਲਾਈਟ ਪੁਆਇੰਟ, ਡੇਰਾਬਸੀ ਹੁੰਦੇ ਹੋਏ ਜਵਾਹਰਪੁਰ ਪੁੱਜੀਆਂ ਜਿੱਥੇ ਝਾਕੀਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਖੇਤਰਾਂ ਵਿੱਚ ਲੈ ਕੇ ਜਾਣ ਦਾ ਕਾਰਜ ਸੰਪੰਨ ਹੋਇਆ।
ਹਲਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਬੇਮਿਸਾਲ ਹੈ। ਇਨ੍ਹਾਂ ਝਾਕੀਆਂ ਰਾਹੀਂ ਦਰਸਾਇਆ ਜਾ ਰਿਹਾ ਮਹਾਨ ਇਤਿਹਾਸ ਅਤੇ ਸੱਭਿਆਚਾਰ ਨੌਜਵਾਨ ਪੀੜ੍ਹੀ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਲਾਹੇਵੰਦ ਹੋਵੇਗਾ।
ਇਨ੍ਹਾਂ ਝਾਕੀਆਂ ਨੇ ਪੰਜਾਬ ਦੇ ਮਹਾਨ ਯੋਧਿਆਂ; ਸ਼ਹੀਦ ਕਰਤਾਰ ਸਿੰਘ ਸਰਾਭਾ, ਡਾ: ਦੀਵਾਨ ਸਿੰਘ ਕਾਲੇਪਾਣੀ, ਮਦਨ ਲਾਲ ਢੀਂਗਰਾ, ਲਾਲਾ ਹਰਦਿਆਲ, ਸਰਦਾਰ ਅਜੀਤ ਸਿੰਘ (ਪਗੜੀ ਸੰਭਾਲ ਜੱਟਾ ਲਹਿਰ), ਬਾਬਾ ਖੜਗ ਸਿੰਘ, ਜਲ੍ਹਿਆਂ ਵਾਲੇ ਬਾਗ ਦੀ ਗਾਥਾ, ਮਹਾਨ ਨਾਰੀ ਯੋਧਾ ਮਾਈ ਭਾਗੋ ਜਿਨ੍ਹਾਂ ਨੇ 40 ਮੁਕਤਿਆਂ ਨੂੰ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਦੁਬਾਰਾ ਜੁੜਨ ਦੀ ਪ੍ਰੇਰਨਾ ਦਿੱਤੀ ਅਤੇ ਪੰਜਾਬੀ ਸੱਭਿਆਚਾਰ ਜਿਵੇਂ ਫੁਲਕਾਰੀ ਆਦਿ ਨੂੰ ਦਰਸਾਇਆ ਗਿਆ ਹੈ।

Leave a Reply

Your email address will not be published. Required fields are marked *