ਅੰਮ੍ਰਿਤਸਰ, 12 ਜਨਵਰੀ 2024 ( )-
ਸ਼ਹਿਰ ਵਾਸੀਆਂ ਦੇ ਇਤਰਾਜਾਂ ਨੂੰ ਮੁੱਖ ਰੱਖਦੇ ਹੋਏ ਨਗਰ ਨਿਗਮ ਵਲੋਂ ਗੋਲਬਾਗ ਪਾਰਕ ਵਿੱਚ ਬਣਨ ਵਾਲੀ ਫੂਡ ਸਟਰੀਟ ਬਣਾਉਣ ਦਾ ਫੈਸਲਾ ਵਾਪਿਸ ਲੈ ਲਿਆ ਗਿਆ ਹੈ ਅਤੇ ਹੁਣ ਲੋਕਾਂ ਦੇ ਸੁਝਾਅ ’ਤੇ ਹੀ ਫੂਡ ਸਟਰੀਟ ਬਣਾਈ ਜਾਵੇਗੀ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਜਿੰਨਾ ਕੋਲ ਅੰਮ੍ਰਿਤਸਰ ਨਗਰ ਨਿਗਮ ਦੇ ਕਮਿਸ਼ਨਰ ਦਾ ਵੀ ਅਹੁਦਾ ਹੈ ਨੇ ਦੱਸਿਆ ਕਿ ਇਹ ਫੈਸਲਾ ਲੋਕਾਂ ਦੇ ਇਤਰਾਜਾਂ ਨੂੰ ਮੁੱਖ ਰੱਖ ਕੇ ਲਿਆ ਗਿਆ ਹੈ। ਉਨਾਂ ਦੱਸਿਆ ਕਿ ਨਗਰ ਨਿਗਮ ਲਈ ਸਭ ਤੋਂ ਵੱਡੀ ਸਮੱਸਿਆ ਰੇਹੜੀਆਂ ਦੀ ਹੈ। ਉਨਾਂ ਦੱਸਿਆ ਕਿ ਆਮ ਤੌਰ ਤੇ ਰੇਹੜੀਆਂ ਦੁਕਾਨਾਂ ਦੇ ਅੱਗੇ ਲੱਗ ਜਾਂਦੀਆਂ ਹਨ ਜਿਸ ਕਰਕੇ ਦੁਕਾਨਦਾਰ ਵੀ ਪਰੇਸ਼ਾਨ ਹੁੰਦੇ ਹਨ ਅਤੇ ਟ੍ਰੈਫਿਕ ਵਿੱਚ ਵੀ ਸਮੱਸਿਆ ਆਉਂਦੀ ਹੈ। ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਫੂਡ ਸਟਰੀਟ ਵਿਕਸਤ ਕਰਨ ਲਈ ਅਧਿਕਾਰੀਆਂ ਨੂੰ ਨਵੀਂ ਯੋਜਨਾਬੰਦੀ ਕਰਨ ਦੀ ਹਦਾਇਤ ਕੀਤੀ ਹੈ।
ਸ੍ਰੀ ਥੋਰੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਰੇਹੜੀਆਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਫੂਡ ਸਟਰੀਟ ਕਿਸ ਥਾਂ ’ਤੇ ਬਣਾਈ ਜਾਵੇ ਸਬੰਧੀ ਆਪਣੇ ਸੁਝਾਅ ਵੱਟਸਐਪ ਨੰਬਰ ‘79738-67446’ ਤੇ ਦੇ ਸਕਦੇ ਹਨ ਤਾਂ ਜੋ ਸ਼ਹਿਰਵਾਸੀਆਂ ਦੀ ਸਹੂਲਤ ਅਨੁਸਾਰ ਫੂਡ ਸਟਰੀਟ ਅਨੁਸਾਰ ਵਿਕਸਿਤ ਕੀਤਾ ਜਾ ਸਕੇ।