ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਸਮੇਤ ਹੋਰ ਆਗੂਆਂ ਵਲੋਂ ਸ਼ਰਧਾਂਜਲੀ ਭੇਟ

ਬਰਨਾਲਾ (ਠੀਕਰੀਵਾਲਾ), 19 ਜਨਵਰੀ
ਪਿੰਡ ਠੀਕਰੀਵਾਲਾ ਵਿੱਚ ਨਰਸਿੰਗ ਕਾਲਜ ਦਾ ਕੰਮ ਇਸ ਸਾਲ ਦੇ ਅੰਦਰ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਪ੍ਰਗਟਾਵਾ ਵਿੱਤ ਮੰਤਰੀ ਪੰਜਾਬ ਸ. ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਪਿੰਡ ਠੀਕਰੀਵਾਲਾ ਵਿੱਚ ਪਰਜਾ ਮੰਡਲ ਲਹਿਰ ਦੇ ਮਹਾਨ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਜੀ ਦੇ 91ਵੀਂ ਬਰਸੀ ਸਮਾਗਮ ਦੌਰਾਨ ਕਹੇ। ਉਨ੍ਹਾਂ ਨੇ ਵਿਧਾਇਕ ਮਹਿਲ ਕਲਾਂ ਅਤੇ ਵਿਸ਼ੇਸ਼ ਅਧਿਕਾਰ ਕਮੇਟੀ (ਵਿਧਾਨ ਸਭਾ) ਦੇ ਚੇਅਰਮੈਨ ਸ. ਕੁਲਵੰਤ ਸਿੰਘ ਪੰਡੋਰੀ ਅਤੇ ਹੋਰ ਆਗੂਆਂ ਸਮੇਤ ਪਿੰਡ ਠੀਕਰੀਵਾਲਾ ਵਿੱਚ ਮਹਾਨ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ।
ਇਸ ਮੌਕੇ ਵਿੱਤ ਮੰਤਰੀ ਸ. ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੌਂ ਮਹੀਨੇ ਦੀ ਭੁੱਖ ਹੜਤਾਲ ਤੋਂ ਬਾਅਦ ਸ਼ਹਾਦਤ ਹਾਸਲ ਕਰਨ ਵਾਲੇ ਸੇਵਾ ਸਿੰਘ ਠੀਕਰੀਵਾਲਾ ਚਾਰ ਭਾਸ਼ਾਵਾਂ ਦਾ ਗਿਆਨ ਰੱਖਣ ਵਾਲੇ ਸਨ। ਉਨ੍ਹਾਂ ਕਿਹਾ ਕਿ ਉਸ ਦਰਵੇਸ਼ ਆਗੂ ਨੇ ਆਪਣੀਆਂ ਸੁੱਖ ਸਹੂਲਤਾਂ ਛੱਡ ਕੇ ਸਾਰਾ ਜੀਵਨ ਲੋਕਾਂ ਦੇ ਲੇਖੇ ਲਾਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਪਿੰਡ ਦੇ ਪ੍ਰਾਇਮਰੀ ਸਕੂਲ ਨੂੰ ਸਕੂਲ ਆਫ ਹੈਪੀਨੈਸ ਵਿੱਚ ਤਬਦੀਲ ਕੀਤਾ ਜਾਵੇਗਾ ਜਿਸ ਵਾਸਤੇ ਉਨ੍ਹਾਂ 1 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂੰ 92 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਵਲੋਂ ਐਲਾਨੇ ਨਰਸਿੰਗ ਕਾਲਜ ਦਾ ਕੰਮ ਇਸ ਸਾਲ ਦੇ ਅੰਦਰ ਅੰਦਰ ਸ਼ੁਰੂ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਬਰਨਾਲਾ ਤੋਂ ਠੀਕਰੀਵਾਲਾ ਤੱਕ ਵਨ ਵੇਅ ਸੜਕ ਦੀ ਤਜਵੀਜ਼ ਅਨੁਮਾਨਤ ਲਾਗਤ ਸਮੇਤ ਸਰਕਾਰ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਸੇਵਾ ਸਿੰਘ ਜੀ ਦੀ ਪੁਰਾਣੀ ਹਵੇਲੀ ਦੀ ਮੁਰੰਮਤ ਕਰਵਾ ਕੇ ਇਸ ਨੂੰ ਯਾਦਗਾਰ ਦੇ ਤੌਰ ‘ਤੇ ਸਾਂਭਿਆ ਜਾਵੇਗਾ, ਵਿੱਤ ਮੰਤਰੀ ਨੇ ਇਸ ਕੰਮ ਲਈ ਆਪਣੇ ਅਖਤਿਆਰੀ ਕੋਟੇ ਵਿਚੋਂ 20 ਲੱਖ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਡਿੱਗ ਰਿਹਾ ਹੈ, ਪਰ ਪੰਜਾਬ ਸਰਕਾਰ ਦੇ ਨਹਿਰੀ ਪਾਣੀ ਖੇਤ ਖੇਤ ਪਹੁੰਚਾਉਣ ਦੇ ਉਪਰਾਲਿਆਂ ਸਦਕਾ ਇਸ ਪੱਧਰ ਵਿੱਚ ਸੁਧਾਰ ਆਇਆ ਹੈ। ਉਨ੍ਹਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਪੱਧਰ ਵਿੱਚ ਸੁਧਾਰ ਲਈ ਪਿੰਡ ਵਾਸੀਆਂ ਦੀ ਮੰਗ ਦੇ ਮੱਦੇਨਜ਼ਰ ਪ੍ਰੋਜੈਕਟ ਮਨਜ਼ੂਰ ਕੀਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਪਿੰਡ ਵਿੱਚ ਲਾਇਬ੍ਰੇਰੀ ਬਣਨ ‘ਤੇ ਵਧਾਈ ਦਿੱਤੀ।
ਇਸ ਮੌਕੇ ਹਲਕਾ ਵਿਧਾਇਕ ਸ. ਕੁਲਵੰਤ ਸਿੰਘ ਪੰਡੋਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿੰਡ ਠੀਕਰੀਵਾਲਾ ਦੇ ਸਰਬਪੱਖੀ ਵਿਕਾਸ ਲਈ ਕਈ ਕੰਮ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ 77 ਲੱਖ ਰੁਪਏ ਦੀ ਲਾਗਤ ਨਾਲ ਪਿੰਡ ਦੇ ਛੱਪੜ ਦਾ ਨਵੀਨੀਕਰਨ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਫਿਰਨੀਆਂ ਦੇ ਕੰਮ ਉੱਤੇ 91 ਲੱਖ ਰੁਪਏ, ਲਾਇਬ੍ਰੇਰੀ ਦੀ ਉਸਾਰੀ, ਪਿੰਡ ਵਿਖੇ ਜਿਮ ਬਣਾਉਣ ਦਾ ਕੰਮ ਮੁਕੰਮਲ ਕੀਤਾ ਜਾ ਚੁੱਕਾ ਹੈ। ਇਸ ਦੇ ਨਾਲ ਹੀ ਭੱਦਲਵੱਡ ਸੜਕ ਉੱਤੇ ਪੁਲ ਦੀ ਉਸਾਰੀ ਦਾ ਕੰਮ 1.59 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾ ਰਿਹਾ ਹੈ। ਇਸ ਮੌਕੇ ਸ. ਪੰਡੋਰੀ ਨੇ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਲੋਂ ਸੇਵਾ ਸਿੰਘ ਠੀਕਰੀਵਾਲਾ ਦੀ ਯਾਦਗਾਰ ਲਈ 5 ਲੱਖ ਰੁਪਏ ਦਾ ਐਲਾਨ ਕੀਤਾ।
ਇਸ ਮੌਕੇ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਜਗਸੀਰ ਸਿੰਘ ਔਲਖ, ਸਟੇਜ ਸਕੱਤਰ ਸੁਰਜੀਤ ਸਿੰਘ, ਸਰਪੰਚ ਕਿਰਨਜੀਤ ਸਿੰਘ ਹੈਪੀ ਸਮੇਤ ਵੱਖ ਵੱਖ ਆਗੂ ਅਤੇ ਪਤਵੰਤੇ, ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *