ਫਾਜ਼ਿਲਕਾ ਸ਼ਹਿਰ ਨੂੰ ਮਿਲੀ ਵਿਕਾਸ ਕਾਰਜਾਂ ਦੀ ਸੌਗਾਤ

ਫਾਜਿਲਕਾ 29 ਫਰਵਰੀ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਫਾਜ਼ਿਲਕਾ ਸ਼ਹਿਰ ਨੂੰ ਵੱਡੀ ਸੌਗਾਤ ਮਿਲੀ ਹੈ। ਫਾਜ਼ਿਲਕਾ ਦੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਸ਼ਾਸਤਰੀ ਚੌਂਕ ਵਿਖੇ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼ਹਿਰ ਵਿੱਚ ਹੋਣ ਵਾਲੇ ਵੱਖ ਵੱਖ ਵਿਕਾਸ ਕਾਰਜਾਂ ਦੇ ਨੀਹ ਪੱਥਰ ਰੱਖੇ ਜਿਸ ਤੇ 5 ਕਰੋੜ 50 ਲੱਖ ਰੁਪਏ ਦੀ ਲਾਗਤ ਆਵੇਗੀ।
ਇਸ ਮੌਕੇ ਵਿਧਾਇਕ ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਬੋਲਦਿਆਂ ਕਿਹਾ ਕਿ ਫਾਜ਼ਿਲਕਾ ਸ਼ਹਿਰ ਨੂੰ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸ਼ਹਿਰ ਵਿੱਚ ਗਲੀਆਂ ਨਾਲੀਆਂ ਨਾਲ ਸੰਬੰਧਿਤ ਅਤੇ ਹੋਰ ਵਿਕਾਸ ਕਾਰਜਾਂ ਨਾਲ ਸੰਬੰਧਿਤ ਸਾਢੇ ਪੰਜ ਕਰੋੜ ਰੁਪਏ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਜਲਦ ਹੀ ਇਹ ਸਾਰੇ ਪ੍ਰੋਜੈਕਟ ਮੁਕੰਮਲ ਹੋਣਗੇ ਤਾਂ ਸ਼ਹਿਰ ਵਾਸੀਆਂ ਨੂੰ ਇੱਕ ਵਿਵਸਥਿਤ ਬੁਨਿਆਦੀ ਢਾਂਚਾ ਮਿਲੇਗਾ ।ਉਹਨਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਰਹਿਣ ਸਹਿਣ ਦੇ ਪੱਧਰ ਵਿੱਚ ਸੁਧਾਰ ਹੋਵੇਗਾ ਅਤੇ ਲੋਕਾਂ ਨੂੰ ਚੰਗੀਆਂ ਸਹੂਲਤਾਂ ਮਿਲ ਸਕਣਗੀਆਂ ।
ਵਿਧਾਇਕ ਨੇ ਇਸ ਮੌਕੇ ਆਖਿਆ ਕਿ ਹਲਕੇ ਦੇ ਵਿੱਚ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਬਰਾਬਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਵਾਰ ਸ਼ਹਿਰ ਦੇ ਵੀ ਸਾਰੇ ਵਾਰਡਾਂ ਨੂੰ ਇੱਕ ਸਾਰ ਮੰਨਦਿਆਂ ਵਿਕਾਸ ਕਾਰਜ ਆਰੰਭੇ ਗਏ ਹਨ ।
ਵਿਧਾਇਕ ਨੇ ਆਖਿਆ ਕਿ ਸੂਬਾ ਸਰਕਾਰ ਦਾ ਉਦੇਸ਼ ਹੈ ਕਿ ਲੋਕਾਂ ਨੂੰ ਬਿਹਤਰ ਸੇਵਾਵਾਂ ਮਿਲਣ। ਉਹਨਾਂ ਨੇ ਕਿਹਾ ਕਿ ਜੇਕਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਬਿਹਤਰ ਤਰੀਕੇ ਨਾਲ ਮਿਲਣਗੀਆਂ ਤਾਂ ਇਸ ਨਾਲ ਰਾਜ ਦਾ ਸਮਾਜਿਕ ਆਰਥਿਕ ਵਿਕਾਸ ਚੰਗਾ ਹੁੰਦਾ ਹੈ।
ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸ਼ਹਿਰ ਲਈ ਵੱਖ ਵੱਖ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ। ਉਨ੍ਹਾਂ ਨੇ ਦੱਸਿਆ ਕਿ ਫਾਜ਼ਿਲਕਾ ਵਿਖੇ 23 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਬਣਨ ਵਾਲੇ ਕ੍ਰਿਟੀਕਲ ਕੇਅਰ ਯੁਨਿਟ ਹਸਪਤਾਲ ਦੇ ਟੈਂਡਰ ਵੀ ਲੱਗ ਚੁੱਕੇ ਹਨ।
ਇਸ ਮੌਕੇ ਉਘੇ ਸਮਾਜ ਸੇਵੀ ਸ੍ਰੀ ਕਰਨ ਗਿਲਹੋਤਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਤੋਂ ਇਲਾਵਾ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ, ਬਲਾਕ ਪ੍ਰਧਾਨ ਭਜਨ ਲਾਲ, ਜ਼ਿਲਾ ਪ੍ਰਧਾਨ ਮਹਿਲਾ ਵਿੰਗ ਸ਼੍ਰੀਮਤੀ ਪੂਜਾ ਲੂਥਰਾ ਸਚਦੇਵਾ, ਬਲਾਕ ਪ੍ਰਧਾਨ ਅਲਕਾ ਜੁਨੇਜਾ, ਬਲਾਕ ਪ੍ਰਧਾਨ ਬੱਬੂ ਚੇਤੀਵਾਲ, ਸੀਨੀਅਰ ਆਗੂ ਸੁਨੀਲ ਮੈਣੀ, ਕ੍ਰਿਸ਼ਨ ਕੰਬੋਜ, ਰਜਿੰਦਰ ਜਲੰਧਰਾ, ਟਰੱਕ ਯੂਨੀਅਨ ਪ੍ਰਧਾਨ ਮਨਜੋਤ ਸਿੰਘ ਖੇੜਾ ਸਮੇਤ ਸ਼ਹਿਰ ਦੇ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਇਸ ਮੌਕੇ ਸ਼ਹਿਰ ਵਾਸੀਆਂ ਨੇ ਇਹ ਵਿਕਾਸ ਕਾਰਜ ਸ਼ੁਰੂ ਕਰਵਾਉਣ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *