ਘਨੌਰ,3 ਮਾਰਚ:
ਪਿਛਲੇ ਦਿਨੀਂ ਹੋਈ ਗੜ੍ਹੇਮਾਰੀ, ਮੀਂਹ ਅਤੇ ਹਨੇਰੀ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਦਾ ਨਿਰੀਖਣ ਕਰਨ ਲਈ ਹਲਕਾ ਘਨੌਰ ਵਿਧਾਇਕ ਗੁਰਲਾਲ ਘਨੌਰ ਨੇ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ, ਨਾਇਬ ਤਹਿਸੀਲਦਾਰ ਹਰੀਸ਼ ਕੁਮਾਰ ਅਤੇ ਸਮੂਹ ਸਬੰਧਤ ਵਿਭਾਗ ਅਧਿਕਾਰੀਆਂ ਕਾਨੂੰਗੋਆਂ, ਪਟਵਾਰੀਆਂ ਆਦਿ ਨਾਲ ਪਿੰਡ ਹਰੀਪੁਰ ਝੁੰਗੀਆਂ, ਮਹਿਦੂਦਾਂ, ਮੰਜੋਲੀ, ਘਨੋਰੀ ਖੇੜਾ, ਸਰਾਲਾ ਖ਼ੁਰਦ, ਸਰਾਲਾ ਕਲਾਂ ਆਦਿ ਪਿੰਡਾਂ ਦਾ ਦੌਰਾ ਕਰਕੇ ਗੜੇਮਾਰੀ ਨਾਲ ਨੁਕਸਾਨੀ ਕਣਕ ਦੀ ਫ਼ਸਲ, ਸਰ੍ਹੋਂ ਦੀ ਫ਼ਸਲ ਅਤੇ ਹਰੇ ਚਾਰੇ ਆਦਿ ਦੀਆਂ ਫ਼ਸਲਾਂ ਦਾ ਜਾਇਜ਼ਾ ਲਿਆ।
ਇਸ ਮੌਕੇ ਵਿਧਾਇਕ ਗੁਰਲਾਲ ਘਨੌਰ ਨੇ ਪੀੜਤ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਗੜੇਮਾਰੀ ਨਾਲ ਨੁਕਸਾਨੀਆਂ ਫ਼ਸਲਾਂ ਦੀ ਸਪੈਸ਼ਲ ਗਿਰਦਾਵਰੀ ਦੀਆਂ ਜ਼ਿਲ੍ਹਾ ਪ੍ਰਸ਼ਾਸਨ ਰਾਹੀ ਸਬੰਧਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਇਸ ਮੁਸੀਬਤ ਦੇ ਸਮੇਂ ’ਚ ਉਨ੍ਹਾਂ ਦੇ ਨਾਲ ਹੈ। ਫ਼ਸਲਾਂ ਦੇ ਹੋਏ ਨੁਕਸਾਨ ਦਾ ਗਿਰਦਾਵਰੀ ਕਰਵਾ ਕੇ ਜਲਦੀ ਉਚਿਤ ਮੁਆਵਜ਼ਾ ਦਿੱਤਾ ਜਾਵੇਗਾ। ਕਿਸਾਨਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ਬਿਨਾਂ ਭੇਦਭਾਵ ਤੋਂ ਨੁਕਸਾਨੀ ਫ਼ਸਲ ਦੀ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਜਲਦੀ ਹੀ ਅਸਲ ਹੱਕਦਾਰ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਮਿਲੇਗੀ।
ਇਸ ਮੌਕੇ ਐਸ ਡੀ ਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਕਿਹਾ ਕਿ ਗੜੇਮਾਰੀ ਕਾਰਨ ਬਰਬਾਦ ਹੋਈਆਂ ਫ਼ਸਲਾਂ ਦੀ ਗਿਰਦਾਵਰੀ ਦੇ ਸਬੰਧਤ ਪਟਵਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਸਨ। ਜਲਦੀ ਪਟਵਾਰੀਆਂ ਵੱਲੋਂ ਪਿੰਡਾਂ ਵਿੱਚ ਜਾ ਕੇ ਫ਼ਸਲਾਂ ਦਾ ਨਿਰੀਖਣ ਕਰਕੇ ਰਿਪੋਰਟ ਭੇਜੀ ਜਾਵੇਗੀ ਤਾਂ ਜੋ ਪੀੜਤ ਕਿਸਾਨਾਂ ਨੂੰ ਉਨ੍ਹਾਂ ਦੀ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਸਮੇਂ ਸਿਰ ਮਿਲ ਸਕੇ।
ਇਸ ਮੌਕੇ ਦਰਸ਼ਨ ਸਿੰਘ ਮੰਜੋਲੀ, ਹਰਬੰਸ ਸਿੰਘ ਸਾਬਕਾ ਸਰਪੰਚ, ਗੁਰਚਰਨ ਸਿੰਘ ਘਨੌਰੀ ਖੇੜਾ, ਸਰਪੰਚ ਇੰਦਰਜੀਤ ਸਿਆਲੂ, ਗੁਰਪ੍ਰੀਤ ਸਿੰਘ ਸਰਪੰਚ ਸਰਾਲਾ ਖੁਰਦ,ਸੋਹਣ ਲਾਲ ਸਰਪੰਚ ਸਰਾਲਾ, ਕੌਂਸਲਰ ਮੱਖਣ ਖਾਨ, ਸੁਰਿੰਦਰ ਤੁਲੀ, ਮੁਖਤਿਆਰ ਸਿੰਘ, ਪਿੰਦਰ ਸਰਪੰਚ ਬਘੋਰਾ, ਸੋਨੂੰ ਸੇਖੋਂ ਬਘੌਰਾ, ਦਮਨਪ੍ਰੀਤ ਸਿੰਘ ਸਰਪੰਚ ਖੇੜੀ ਮੰਡਲਾ, ਕੋਚ ਕੁਲਵੰਤ ਸਿੰਘ ਸਮੇਤ ਵੱਖ-ਵੱਖ ਪਿੰਡਾ ਦੇ ਸਰਪੰਚ, ਪੰਚ ਸਮੇਤ ਪੀੜਤ ਕਿਸਾਨ ਅਤੇ ਪਾਰਟੀ ਵਲੰਟੀਅਰ ਮੌਜੂਦ ਸਨ।
ਹਲਕਾ ਘਨੌਰ ਚ ਗੜੇਮਾਰੀ ਨਾਲ ਨੁਕਸਾਨੀ ਫ਼ਸਲ ਦਾ ਕਿਸਾਨਾਂ ਨੂੰ ਜਲਦ ਮਿਲੇਗਾ ਮੁਆਵਜ਼ਾ: ਵਿਧਾਇਕ ਗੁਰਲਾਲ ਘਨੌਰ

