ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਮੰਡੀਆਂ ਚ ਨਾ ਆਉਣ ਦਿੱਤੀ ਜਾਵੇ ਕੋਈ ਦਿੱਕਤ-ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 20 ਅਪ੍ਰੈਲ-

ਕਣਕ ਦੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਅਨਾਜ ਮੰਡੀਆਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਅਤੇ ਬੀਤੇ ਦਿਨ ਹੋਈ ਬਰਸਾਤ ਕਾਰਨ ਮੰਡੀਆਂ ਵਿਚ ਕਣਕ ਦੀ ਖਰੀਦ ਉਤੇ ਪਏ ਅਸਰ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਭਗਤਾਂਵਾਲਾ ਮੰਡੀ ਦਾ ਦੌਰਾ ਕੀਤਾ। ਇਸ ਤੋਂ ਇਲਾਵਾ ਉਨਾਂ ਦੇ ਆਦੇਸ਼ਾਂ ਉਤੇ ਸਾਰੇ ਐਸ ਡੀ ਐਮ ਸਾਹਿਬਾਨ ਨੇ ਆਪਣੇ ਆਪਣੇ ਹਲਕੇ ਦੀਆਂ ਮੰਡੀਆਂ ਤੇ ਖੇਤਾਂ ਦਾ ਦੌਰਾ ਕਰਕੇ ਕਣਕ ਉਤੇ ਬਰਸਾਤ ਦੇ ਪਏ ਅਸਰ ਦਾ ਜਾਇਜ਼ਾ ਵੀ ਲਿਆ। ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ, ਬਸ਼ਰਤੇ ਕਿ ਉਹ ਕਣਕ ਸੁੱਕੀ ਲੈ ਕੇ ਆਉਣ।  ਉਨਾਂ ਦੱਸਿਆ ਕਿ ਫਿਲਹਾਲ ਕਣਕ ਦੀ ਆਮਦ ਸੁਸਤ ਹੈ ਅਤੇ ਬੀਤੇ ਦਿਨ ਹੋਈ ਬਰਸਾਤ ਕਾਰਨ ਭਾਵੇਂ ਕੋਈ ਨੁਕਸਾਨ ਨਹੀਂ ਹੋਇਆ, ਪਰ ਕਣਕ ਦੀ ਕਟਾਈ ਇਕ-ਦੋ ਦਿਨ ਅੱਗੇ ਪੈ ਗਈ ਹੈ। ਇਸ ਤੋਂ ਇਲਾਵਾ ਦਾਣੇ ਵਿਚ ਨਮੀ ਵਧ ਗਈ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜਿਲ੍ਹੇ ਦੀਆਂ 18 ਮੰਡੀਆਂ ਵਿਚ ਹੀ ਆਮਦ ਹੋਈ ਹੈ ਅਤੇ ਕੁੱਲ 3590  ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਵਿਚੋਂ 1409 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਕਣਕ ਦੀ ਖਰੀਦ ਵਿਚ ਹੋਰ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ ਅਤੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕੀ ਕਣਕ ਹੀ ਲੈ ਕੇ ਆਉਣ, ਤਾਂ ਜੋ ਮੰਡੀ ਵਿਚ ਉਨਾਂ ਨੂੰ ਖਰੀਦ ਦਾ ਇੰਤਜ਼ਾਰ ਨਾ ਕਰਨਾ ਪਵੇ।  ਇਸ ਮੌਕੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਮੰਡੀ ਅਫ਼ਸਰ ਸ. ਅਮਨਦੀਪ ਸਿੰਘ ਨੂੰ ਹਦਾਇਤ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਚ ਲੋੜੀਂਦੇ ਪ੍ਰਬੰਧ ਜਿਵੇਂ ਕਿ ਸਾਫ਼-ਸਫ਼ਾਈ, ਛਾਂ, ਬਿਜਲੀ ਦੀ ਸਪਲਾਈ, ਸਾਫ਼ ਪੀਣ ਵਾਲੇ ਪਾਣੀ ਆਦਿ ਦੇ ਪ੍ਰਬੰਧਾਂ ਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਵਰਤੀ ਜਾਵੇ। ਉਨਾਂ ਨੇ ਇਹ ਵੀ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਚ 12 ਫ਼ੀਸਦੀ ਤੋਂ ਵਧੇਰੇ ਨਮੀ ਦੀ ਮਾਤਰਾ ਵਾਲੀ ਕਣਕ ਦੀਆਂ ਟਰਾਲੀਆਂ ਦੀ ਮੰਡੀਆਂ ਚ ਆਮਦ ਨਾ ਹੋਣ ਦਿੱਤੀ ਜਾਵੇ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਰਾਤ ਦੇ ਸਮੇਂ ਕਣਕ ਦੀ ਕਟਾਈ ਨਾ ਕੀਤੀ ਜਾਵੇ ਤਾਂ ਜੋ ਨਮੀ ਕਾਰਨ ਉਨਾਂ ਨੂੰ ਫਸਲ ਵੇਚਣ ਵਿਚ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਦਰਪੇਸ਼ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਕਣਕ ਦੇ ਨਾੜ ਨੂੰ ਅੱਗ ਨਾ ਲਗਾਉਣ ਸਗੋਂ ਤੂੜੀ ਬਣਾ ਕੇ ਪਸ਼ੂਆਂ ਦੇ ਚਾਰੇ ਲਈ ਵਰਤਣ। ਇਸ ਤੋਂ ਇਲਾਵਾ ਬਚੇ ਹੋਈ ਥੋੜੇ ਕਚਰੇ ਨੂੰ ਵੀ ਜ਼ਮੀਨ ਚ ਹੀ ਮਿਲਾ ਕੇ ਖਾਦ ਦੇ ਤੌਰ ਉਤੇ ਵਰਤਣ। ਕਣਕ ਦੀ ਪਰਾਲੀ ਨੂੰ ਸਾੜਨ ਨਾਲ ਜਿੱਥੇ ਵਾਤਾਵਰਨ ਗੰਧਲਾ ਹੁੰਦਾ ਹੈ ਉੱਥੇ ਹੀ ਮਨੁੱਖੀ ਸਿਹਤ ਤੇ ਮਾੜੇ ਪ੍ਰਭਾਵ ਪੈਂਦੇ ਹਨ।

Leave a Reply

Your email address will not be published. Required fields are marked *