ਸਰਕਾਰੀ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਅਭਿਰੂਪ ਮਾਨ ਨਾਲ ਰੂ-ਬ-ਰੂ ਸਮਾਗਮ

ਅੰਮ੍ਰਿਤਸਰ,15 ਸਤੰਬਰ
ਸਰਕਾਰੀ ਸਰੂਪ ਰਾਣੀ ਕਾਲਜ ਲੜਕੀਆਂ ਅੰਮ੍ਰਿਤਸਰ ਵੱਲੋਂ ਅਭਿਰੂਪ ਕੌਰ ਮਾਨ ਦੀ ਆਈ ਅੰਗਰੇਜ਼ੀ ਕਹਾਣੀਆਂ ਦੀ ਕਿਤਾਬ ਨੂੰ ਲੈ ਕੇ ਰੂ-ਬ-ਰੂ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਤੇ ਕਾਲਜ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਅਭਿਰੂਪ ਕੌਰ ਮਾਨ ਨੂੰ ਸਨਮਾਨਿਤ ਕੀਤਾ ਗਿਆ ।
 ਇਸ ਮੌਕੇ ਤੇ ਬੋਲਦਿਆਂ ਕਾਲਜ ਪ੍ਰਿੰਸੀਪਲ ਡਾਕਟਰ ਦਲਜੀਤ ਕੌਰ ਨੇ ਕਿਹਾ ਕਿ ਅਭਿਰੂਪ ਕੌਰ ਮਾਨ ਉਹਨਾਂ ਦੇ ਕਾਲਜ ਦੀ ਵਿਦਿਆਰਥਣ ਰਹੇ ਹਨ ਅਤੇ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਕਾਲਜ ਦੀ ਵਿਦਿਆਰਥਣ ਵੱਲੋਂ ਸਾਹਿਤ ਖੇਤਰ ਵਿੱਚ ਪਹਿਲੀ ਪੁਲਾਂਗ ਪੁੱਟਦਿਆਂ ਸਾਹਿਤ ਦੀ ਝੋਲੀ ਵਿਚ  ਅੰਗਰੇਜੀ ਦੀਆਂ ਕਹਾਣੀਆਂ ਦੀ ਕਿਤਾਬ ਪਾਈ ਹੈ।
ਉਹਨਾਂ ਕਿਹਾ ਕਿ ਅੱਜ ਨੌਜਵਾਨ ਪੀੜ੍ਹੀ ਦਾ ਸਾਹਿਤ ਵੱਲ ਰੁਝਾਨ ਇੱਕ ਚੰਗਾ ਸੰਕੇਤ ਹੈ। ਉਹਨਾਂ ਕਿਹਾ ਕਿ ਨਰੋਏ ਅਤੇ ਸਿਹਤਮੰਦ ਸਮਾਜ ਦੀ ਸਿਰਜਣਾ ਵਿਚ ਨੌਜਵਾਨ ਪੀੜ੍ਹੀ ਦਾ ਸਾਹਿਤਕ ਖੇਤਰ ਵਿਚ ਆਉਣਾ ਬਹੁਤ ਜ਼ਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਸਾਡਾ ਇਕ ਅਨਮੋਲ ਖ਼ਜ਼ਾਨਾ ਹੈ ਜੋ ਪੀੜ੍ਹੀ ਦਰ ਪੀੜ੍ਹੀ ਚੱਲਦਾ ਹੈ ਅਤੇ ਸਾਨੂੰ ਇਸ ਬੇਸ਼ਕੀਮਤੀ ਖ਼ਜ਼ਾਨੇ ਨੂੰ ਸਾਂਭਣ ਦੀ ਲੋੜ ਹੈ। ਉਹਨਾਂ ਕਿਹਾ ਅਭਿਰੂਪ ਮਾਨ ਵਲੋਂ ਲਿਖੀ ਗਈ ਕਹਾਣੀਆਂ ਦੀ ਕਿਤਾਬ ਵਿਚ ਉਸਨੇ ਹਰ ਪਹਿਲੂ ਨੂੰ ਛੂਹਿਆ ਹੈ। ਉਹਨਾਂ ਕਿਹਾ ਕਿ ਕਾਲਜ਼ ਦੀ ਸਾਬਕਾ ਵਿਦਿਆਰਥਣ ਹੋਣ ਕਰਕੇ ਕਾਲਜ਼ ਨੂੰ ਵੀ ਮਾਣ ਹੈ ਕਿ ਉਹਨਾਂ ਦੀ ਵਿਦਿਆਰਥਣ ਵਲੋਂ ਸਾਹਿਤ ਖੇਤਰ ਵਿੱਚ ਹਿੱਸਾ ਪਾਇਆ ਗਿਆ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਲੜਕੀਆਂ ਨੂੰ ਸਾਹਿਤ ਨਾਲ ਜੁੜਨਾ ਚਾਹੀਦਾ ਹੈ ਤਾਂ ਜੋ ਆਪਣੇ ਅਮੀਰ ਵਿਰਸੇ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਆਪਣੇ ਸਭਿਆਚਾਰ ਅਤੇ ਵਿਰਸੇ ਨੂੰ ਸੰਭਾਲਣ ਲਈ ਇੱਕ ਸਾਹਿਤ ਹੀ ਅਜਿਹਾ ਜ਼ਰੀਆ ਹੈ ਜਿਸ ਰਾਹੀਂ ਸਦੀਆਂ ਤੱਕ ਆਪਣਾ ਵਿਰਸਾ ਸੰਭਾਲ ਕੇ ਰੱਖ ਸਕਦੇ ਹਾਂ। ਉਹਨਾਂ ਕਿਹਾ ਕਿ ਵਕਤ ਨਾਲ ਚਾਹੇ ਬਹੁਤ ਕੁਝ ਬਦਲ ਜਾਂਦਾ ਹੈ ਪਰ ਸਾਹਿਤ ਕਦੇ ਨਹੀਂ ਬਦਲਦਾ। ਉਹਨਾਂ ਕਿਹਾ ਕਿ ਅੱਜ ਜੇ ਅਸੀਂ ਪੁਰਾਣੇ ਇਤਿਹਾਸ ਬਾਰੇ ਜਾਣਦੇ ਹਾਂ ਤਾਂ ਉਹ ਸਿਰਫ ਸਾਹਿਤ ਕਰਕੇ ਹੀ ਹੈ।
ਇਸ ਮੌਕੇ ਤੇ ਬੋਲਦਿਆਂ ਕਾਲਜ ਦੇ ਅੰਗਰੇਜ਼ੀ ਵਿਭਾਗ ਦੀ ਕੁਆਰਡੀਨੇਟਰ ਪ੍ਰੋਫੈਸਰ ਮਾਨਸੀ ਸਿੰਘ ਨੇ ਕਿਹਾ ਕਿ ਅੱਜ ਸਮਾਜ ਨੂੰ ਅਭਿਰੂਪ ਮਾਨ ਵਰਗੇ ਹੋਣਹਾਰ ਬੱਚਿਆਂ ਦੀ ਲੋੜ ਹੈ ਅਤੇ ਨੌਜਵਾਨ ਪੀੜ੍ਹੀ ਨੂੰ ਅੱਗੇ ਆਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਆਪਣੀ ਵਿਦਿਆਰਥਣ ਨੂੰ ਸਨਮਾਨਿਤ ਕਰਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਉਹਨਾਂ ਕਿਹਾ ਕਿ ਅੱਜ ਦੇ ਪ੍ਰੋਗਰਾਮ ਦਾ ਮਕਸਦ ਹੋਰਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਕੇ ਸਾਹਿਤ ਨਾਲ ਜੋੜਨਾ ਹੈ। ਅਖੀਰ ਵਿਚ ਉਹਨਾਂ ਨੇ ਅਭਿਰੂਪ ਕੌਰ ਮਾਨ ਨੂੰ ਉਸਦੀ ਪਲੇਠੀ ਕਿਤਾਬ ਲਈ ਮੁਬਾਰਕਬਾਦ ਦਿੱਤੀ ਅਤੇ ਅੱਗੇ ਹੋਰ ਸਾਹਿਤ ਦੀ ਝੋਲੀ ਵਿਚ ਨਵੀਆਂ ਕਿਤਾਬਾਂ ਪਾਉਣ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਵੱਖ ਜਮਾਤਾਂ ਦੀਆਂ ਵਿਦਿਆਰਥਣਾਂ ਵਲੋਂ ਅਭਿਰੂਪ ਕੌਰ ਮਾਨ ਦੀ ਕਿਤਾਬ ਬਾਰੇ ਉਹਨਾਂ ਨਾਲ ਗੱਲਬਾਤ ਕਰਦਿਆਂ ਇਸ ਬਾਰੇ ਜਾਣਕਾਰੀ ਲਈ ਗਈ।
ਇਸ ਮੌਕੇ ਤੇ ਵਾਈਸ ਪ੍ਰਿੰਸੀਪਲ ਡਾਕਟਰ ਸਤਿੰਦਰ ਕੌਰ, ਪ੍ਰੋਫੈਸਰ ਮਨਜੀਤ ਮਿਨਹਾਸ, ਡਾਕਟਰ ਵੰਦਨਾ, ਡਾਕਟਰ ਸੁਨੀਲਾ ਸ਼ਰਮਾਂ, ਪ੍ਰੋਫੈਸਰ ਦੀਪਿਕਾ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *