ਪਿੰਡ ਢਿੱਲਵਾਂ ਕਲਾਂ ਦੇ ਉਤਸ਼ਾਹੀ ਨੌਜਵਾਨਾ ਨੇ ਛੱਪੜ ਨੂੰ ਸੈਰਗਾਹ ਦਾ ਰੂਪ ਦੇਣ ਦਾ ਕੀਤਾ ਫੈਸਲਾ

ਕੋਟਕਪੂਰਾ, 12 ਜੂਨ ( ) ਨੇੜਲੇ ਪਿੰਡ ਢਿੱਲਵਾਂ ਕਲਾਂ ਦੇ ਉਤਸ਼ਾਹੀ ਨੌਜਵਾਨਾ ਨੇ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਬਾਬਾ ਜਰਨੈਲ ਸਿੰਘ ਯੂਥ ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਢਿੱਲੋਂ ਦੀ ਅਗਵਾਈ ਹੇਠ ਹਰ ਤਰਾਂ ਦੀ ਸਿਆਸੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਪਿੰਡ ਵਿਚਲੇ ਛੱਪੜ ਦਾ ਕੌਹੜ ਕੱਢ ਕੇ ਉਸਨੂੰ ਇਕ ਸੈਰਗਾਹ ਦਾ ਨਿਵੇਕਲਾ ਰੂਪ ਦੇਣ ਦਾ ਫੈਸਲਾ ਕੀਤਾ ਹੈ। ਲਗਭਗ ਤਿੰਨ ਏਕੜ ਥਾਂ ਵਿੱਚ ਫੈਲੇ ਪਿੰਡ ਦੇ ਐਨ ਵਿਚਕਾਰਲੇ ਛੱਪੜ ਦੀ ਪਹਿਲਾਂ ਸਫਾਈ ਕਰਵਾਈ ਗਈ ਤੇ ਫਿਰ ਅਰਦਾਸ ਬੇਨਤੀ ਕਰਨ ਉਪਰੰਤ ਚਾਰਦੀਵਾਰੀ ਦਾ ਕੰਮ ਸ਼ੁਰੂ ਕੀਤਾ ਗਿਆ।

 ਆਪਣੇ ਸੰਬੋਧਨ ਦੌਰਾਨ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਦੱਸਿਆ ਕਿ ਅੱਧੀ ਸਦੀ ਤੋਂ ਵੀ ਜਿਆਦਾ ਸਮਾਂ ਅਰਥਾਤ 55 ਸਾਲਾਂ ਤੋਂ ਇਸ ਛੱਪੜ ਦੀ ਸਫਾਈ ਨਹੀਂ ਸੀ ਹੋਈ, ਜਦੋਂ ਪਿੰਡ ਦੇ ਉਤਸ਼ਾਹੀ ਨੌਜਵਾਨਾ ਨੇ ਉਕਤ ਛੱਪੜ ਦੀ ਸਫਾਈ ਕਰਵਾ ਕੇ ਇਸ ਨੂੰ ਸੈਰਗਾਹ ਦਾ ਰੂਪ ਦੇਣ ਦਾ ਫੈਸਲਾ ਕੀਤਾ ਤਾਂ ਚੋਣ ਜਾਬਤਾ ਲਾਗੂ ਹੋ ਜਾਣ ਕਰਕੇ ਸਰਕਾਰੀ ਫੰਡ ਲਾਉਣ ’ਤੇ ਰੋਕ ਲੱਗਣੀ ਸੁਭਾਵਿਕ ਸੀ। ਉਹਨਾ ਪਿੰਡ ਦੇ ਅਨੇਕਾਂ ਉਸਾਰੂ ਸੋਚ ਰੱਖਣ ਵਾਲੇ ਬਜੁਰਗਾਂ ਅਤੇ ਨੌਜਵਾਨਾ ਦਾ ਬਕਾਇਦਾ ਨਾਮ ਲੈ ਕੇ ਆਖਿਆ ਕਿ ਉਹ ਇਸ ਛੱਪੜ ਤੋਂ ਬਾਅਦ ਪਿੰਡ ਦੇ ਬਾਕੀ ਸਾਰੇ ਅਰਥਾਤ ਕੁੱਲ 5 ਛੱਪੜਾਂ ਨੂੰ ਸੁੰਦਰ ਬਣਾਉਣ ਦੀ ਕੌਸ਼ਿਸ਼ ਕਰਨਗੇ। ਉਹਨਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਾਰਾ ਪੰਜਾਬ ਹੀ ਸਿਹਤਮੰਦ ਹੋਵੇ ਪਰ ਇਸ ਲਈ ਸ਼ੁਰੂਆਤ ਉਹਨਾ ਆਪਣੇ ਪਿੰਡ ਤੋਂ ਹੀ ਕਰਨ ਦੀ ਪਹਿਲਕਦਮੀ ਕੀਤੀ ਹੈ। ਕਲੱਬ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ ਢਿੱਲੋਂ ਨੇ ਆਖਿਆ ਕਿ ਉਹ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੀ ਉੱਚੀ ਸੁੱਚੀ ਸੋਚ ਦੇ ਕਾਇਲ ਹਨ ਤੇ ਉਹਨਾ ਦੇ ਯਤਨਾ ਸਦਕਾ ਉਹ ਪਿੰਡ ਵਿੱਚੋਂ ਹਰ ਤਰਾਂ ਦੀ ਧੜੇਬੰਦੀ ਖਤਮ ਕਰਕੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਦੀਆਂ ਕੌਸ਼ਿਸ਼ਾਂ ਜਾਰੀ ਰੱਖਣਗੇ। ਪੰਚਾਇਤ ਸਕੱਤਰ ਰਾਕੇਸ਼ ਕੁਮਾਰ ਅਤੇ ਹੋਰ ਸਾਰੇ ਪਿੰਡ ਵਾਸੀਆਂ ਨੇ ਵੀ ਇੰਜੀ. ਸੁਖਜੀਤ ਸਿੰਘ ਢਿੱਲਵਾਂ ਦੇ ਉਕਤ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਆਖਿਆ ਕਿ ਇਸ ਛੱਪੜ ਵਿੱਚ ਐਨੀ ਖਤਰਨਾਕ ਗਾਰ ਪੈਦਾ ਹੋ ਗਈ ਸੀ ਕਿ ਜੇਕਰ ਇਸ ਛੱਪੜ ਵਿੱਚ ਕੋਈ ਬੱਤਖ ਵਰਗਾ ਜੀਵ-ਜੰਤੂ ਵੀ ਫਸ ਜਾਂਦਾ ਤਾਂ ਉਸਦੀ ਮੌਤ ਹੋ ਜਾਂਦੀ ਸੀ। ਉਹਨਾਂ ਕਿਹਾ ਕਿ ਪਿੰਡ ਵਾਸੀਆਂ ਨੇ ਆਪੋ ਆਪਣੀ ਵਿੱਤ ਅਨੁਸਾਰ ਯੋਗਦਾਨ ਪਾ ਕੇ 25 ਤੋਂ 30 ਲੱਖ ਰੁਪਿਆ ਖਰਚ ਕਰਨ ਦਾ ਫੈਸਲਾ ਕੀਤਾ ਹੈ। ਉਹਨਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਧਾਇਕ ਅਮੋਲਕ ਸਿੰਘ ਜੈਤੋ ਸਮੇਤ ਹੋਰ ਰਾਜਨੀਤਿਕ ਅਤੇ ਗੈਰ ਸਿਆਸੀ ਸ਼ਖਸ਼ੀਅਤਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹਨਾ ਪਹਿਲਾਂ ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੂੰ ਚੇਅਰਮੈਨੀ ਬਖਸ਼ ਕੇ ਪਿੰਡ ਢਿੱਲਵਾਂ ਕਲਾਂ ਦੇ ਵਸਨੀਕਾਂ ਨੂੰ ਮਾਣ ਦਿੱਤਾ ਅਤੇ ਹੁਣ ਇੰਜੀ. ਢਿੱਲਵਾਂ ਦੀ ਅਗਵਾਈ ਹੇਠ ਪਿੰਡ ਵਿੱਚ ਭਾਈਚਾਰਕ ਸਾਂਝ ਵਧਾਉਣ ਅਤੇ ਪਿੰਡ ਦੀ ਸੁੰਦਰਤਾ ਵਿੱਚ ਵਾਧਾ ਕਰਨ ਦੇ ਸੇਵਾ ਕਾਰਜਾਂ ’ਚ ਬਣਦਾ ਸਹਿਯੋਗ ਦੇਣ ਦਾ ਵਿਸ਼ਵਾਸ਼ ਦਿਵਾਇਆ। ਪਿੰਡ ਦੇ ਛੱਪੜ ਨੂੰ ਸੈਰਗਾਹ ਦਾ ਨਿਵੇਕਲਾ ਰੂਪ ਦੇਣ ਵਾਲੇ ਉਕਤ ਮਾਮਲੇ ਦਾ ਦਿਲਚਸਪ, ਰੌਚਕ ਅਤੇ ਉਸਾਰੂ ਪਹਿਲੂ ਇਹ ਵੀ ਹੈ ਕਿ ਪਿੰਡ ਦੇ ਨੌਜਵਾਨਾ ਨੇ ਇਸ ਕਾਰਜ ਲਈ ਹਰ ਤਰਾਂ ਦੀ ਮਜਦੂਰੀ ਵੀ ਖੁਦ ਕਰਨ ਦਾ ਫੈਸਲਾ ਕੀਤਾ ਹੈ।

ਇਸ ਮੌਕੇ ਉਪਰੋਕਤ ਤੋਂ ਇਲਾਵਾ ਰਾਜਵਿੰਦਰ ਸਿੰਘ ਢਿੱਲੋਂ ਕਲੱਬ ਪ੍ਰਧਾਨ, ਸੁਖਦੀਪ ਢਿੱਲੋਂ,ਗੁਰਪ੍ਰੀਤ ਗਿੱਲ,ਦੀਪਾ ਵੇਹਨੀਵਾਲ, ਪਰਬਜੀਤ ਢਿੱਲੋਂ, ਖੁਸਵੀਤ ਭਲੂਰੀਆ,,ਜਗਦੀਪ ਬੁੱਟਰ,ਗੁਰਮੀਤ ਸਿੰਘ,ਮਨਪ੍ਰੀਤ ਗਿੱਲ,ਹਰਿੰਦਰ ਢਿੱਲੋਂ,ਰਾਕੇਸ਼ ਸੈਕਟਰੀ,ਜਗਤਾਰ ਬਰਾੜ,ਲਾਲ ਢਿੱਲੋਂ, ਤਾਰ ਬਰਾੜ,ਦਰਸ਼ਨ ਮਾਸਟਰ,ਗੁਰਮੇਲ ਸਿੰਘ,ਬਲਜੀਤ ਸਿੰਘ,ਲੱਖਾ ਬਰਾੜ,ਗੁਰਤੇਜ ਮਾਸਟਰ ਵੀ ਹਾਜਰ ਸਨ।

Leave a Reply

Your email address will not be published. Required fields are marked *