ਉੜਨ ਦਸਤਿਆਂ ਰਾਹੀਂ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ

ਫਾਜ਼ਿਲਕਾ, 2 ਅਪ੍ਰੈਲ:
ਫਾਜ਼ਿਲਕਾ ਜਿਲੇ ਵਿੱਚ ਜਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੀ ਅਗਵਾਈ ਹੇਠ ਆਦਰਸ ਚੋਣ ਜਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਵਧੀਕ ਜ਼ਿਲ੍ਹਾ ਚੋਣ ਅਫਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦਿੱਤੀ।
ਉਹਨਾਂ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਚਾਰ ਵਿਧਾਨ ਸਭਾ ਹਲਕੇ ਪੈਂਦੇ ਹਨ ਜੋ ਕਿ ਚਾਰੋਂ ਹੀ ਲੋਕ ਸਭਾ ਹਲਕਾ ਫਿਰੋਜ਼ਪੁਰ ਦਾ ਹਿੱਸਾ ਹਨ। ਉਹਨਾਂ ਨੇ ਕਿਹਾ ਕਿ ਹਰੇਕ ਵਿਧਾਨ ਸਭਾ ਹਲਕੇ ਵਿੱਚ ਤਿੰਨ ਦੀ ਦਰ ਨਾਲ ਕੁੱਲ 12 ਉੜਨ ਦਸਤੇ ਤਾਇਨਾਤ ਕੀਤੇ ਗਏ ਹਨ ਅਤੇ ਇਹ ਉੜਨ ਦਸਤੇ 24 ਘੰਟੇ ਕਾਰਜਸ਼ੀਲ ਰਹਿੰਦੇ ਹਨ। ਇਹਨਾਂ ਉਡਣ ਦਸਤਿਆਂ ਦੇ ਵਾਹਨਾਂ ਵਿੱਚ ਕੈਮਰੇ ਲਗਾਏ ਗਏ ਹਨ ਅਤੇ ਇਹਨਾਂ ਕੈਮਰਿਆਂ ਦੀ ਫੀਡ ਨਾ ਕੇਵਲ ਸਬੰਧਤ ਵਿਧਾਨ ਸਭਾ ਹਲਕੇ ਦੇ ਸਹਾਇਕ ਰਿਟਰਨਿੰਗ ਅਫਸਰ ਬਲਕਿ ਜਿਲਾ ਪੱਧਰ ਤੇ ਅਤੇ ਮੁੱਖ ਚੋਣ ਅਫਸਰ ਪੰਜਾਬ ਦੇ ਪੱਧਰ ਤੇ ਵੀ ਲਾਈਵ ਵੇਖੀ ਜਾ ਸਕਦੀ ਹੈ।
ਅਜਿਹੇ ਹੀ ਉਡਣ ਦਸਤਿਆਂ ਦੇ ਕੈਮਰਿਆਂ ਦੀ ਲਾਇਵ ਫੀਡ ਦਾ ਮੁਆਇਨਾ ਕਰਦਿਆਂ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਕਿਹਾ ਕਿ ਇਹਨਾਂ ਉੜਨ  ਦਸਤਿਆਂ  ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿੱਥੇ ਕਿਤੇ ਵੀ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਇਨਾਂ ਉਡਣ ਦਸਤਿਆਂ ਨੂੰ ਤੁਰੰਤ ਉੱਥੇ ਭੇਜਿਆ ਜਾਂਦਾ ਹੈ। ਇਸ ਤੋਂ ਬਿਨਾਂ ਵੀ ਇਹ ਉਡਣ ਦਸਤੇ ਆਪੋ ਆਪਣੇ ਇਲਾਕੇ ਵਿੱਚ ਗਸ਼ਤ ਕਰਦੇ ਰਹਿੰਦੇ ਹਨ ਅਤੇ ਪੂਰੀ ਚੌਕਸੀ ਰੱਖ ਰਹੇ ਹਨ।
ਉਨਾਂ ਨੇ ਦੱਸਿਆ ਕਿ ਲੋਕ ਸੀ ਵਿਜਲ ਮੋਬਾਇਲ ਐਪ ਰਾਹੀਂ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਹਨਾਂ ਆਖਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ ਸੀ ਵਿਜਲ ਐਪ ਰਾਹੀਂ 14 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ ਅਤੇ ਇਹਨਾਂ ਦਾ ਨਿਪਟਾਰਾ ਹੋ ਚੁੱਕਾ ਹੈ । ਉਹਨਾਂ ਆਖਿਆ ਕਿ ਸੀ ਵਿਜਲ ਐਪ ਤੇ ਪ੍ਰਾਪਤ ਹੋਣ ਵਾਲੀ ਸ਼ਿਕਾਇਤ ਦਾ ਨਿਪਟਾਰਾ 100 ਮਿੰਟ ਦੇ ਅੰਦਰ ਅੰਦਰ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਸੀ ਵਿਜਲ ਐਪ ਤੇ ਲੋਕ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਸਬੰਧੀ, ਜਿਵੇਂ ਕਿਸੇ ਸਰਕਾਰੀ ਥਾਂ ਤੇ ਲੱਗੇ ਪੋਸਟਰ ਬੈਨਰ, ਨਸ਼ੇ ਵੰਡਣ, ਫਿਰਕੂ ਜਾਂ ਨਫਰਤੀ ਭਾਸ਼ਣ, ਪੇਡ ਨਿਊਜ਼ ਸਮੇਤ ਹੋਰ ਆਦਰਸ਼ ਚੋਣ ਜਾਬਤੇ ਦੀਆਂ ਉਲੰਘਨਾਵਾਂ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਸੀ ਵਿਜਲ ਐਪ ਤੇ ਸਿਕਾਇਤ ਦਰਜ ਕਰਵਾਉਣ ਵਾਲਾ ਆਪਣੀ ਪਹਿਚਾਣ ਗੁਪਤ ਰੱਖਣ ਦਾ ਵਿਕਲਪ ਵੀ ਚੁਣ ਸਕਦਾ ਹੈ।

Leave a Reply

Your email address will not be published. Required fields are marked *