ਫਿਰੋਜ਼ਪੁਰ 8 ਫਰਵਰੀ, 2024
ਬਸੰਤ ਪੰਚਮੀ ਦੇ ਮੇਲੇ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖਰੇ ਤੌਰ ਤੇ ਕਾਊਂਟਰ ਲਗਾ ਕੇ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਗਿਆ ਅਤੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਸਪੈਸ਼ਲ ਵੈਨ ਨੂੰ ਕਮਿਸ਼ਨਰ ਫਿਰੋਜ਼ਪੁਰ ਮੰਡਲ ਸ੍ਰੀ ਅਰੁਣ ਸੇਖੜੀ ਅਤੇ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਸ਼ਹੀਦ ਭਗਤ ਸਿੰਘ ਯੂਨੀਵਰਸਿਟੀ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ । ਉਨ੍ਹਾਂ ਦੱਸਿਆ ਕਿ ਇਹ ਵੈਨ ਜ਼ਿਲ੍ਹੇ ਵਿੱਚ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਪ੍ਰਮੁੱਖ ਸਥਾਨਾਂ ਤੇ ਜਾ ਕੇ ਲੋਕਾਂ ਨੂੰ ਵੋਟ ਦੇ ਮਹੱਤਵ ਬਾਰੇ ਜਾਗਰੂਕ ਕਰੇਗੀ।
ਕਮਿਸ਼ਨਰ ਫਿਰੋਜ਼ਪੁਰ ਮੰਡਲ ਸ੍ਰੀ ਅਰੁਣ ਸੇਖੜੀ ਅਤੇ ਜ਼ਿਲ੍ਹਾ ਚੋਣ ਅਫਸਰ-ਕਮ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਰਾਜ ਪੱਧਰ ਤੇ ਮਨਾਏ ਜਾ ਰਹੇ ਬਸੰਤ ਮੇਲੇ ਵਿੱਚ ਸਵੀਪ ਮੁਹਿੰਮ ਤਹਿਤ ਏਥੇ ਪਹੁੰਚੇ ਲੋਕਾਂ ਨੂੰ ਵੋਟਾਂ ਸਬੰਧੀ ਜਾਗਰੂਕ ਕੀਤਾ ਗਿਆ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਵਿਸ਼ੇਸ਼ ਕਰਕੇ ਨੌਜਵਾਨ ਵਰਗ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਆਪਣਾ ਨਾਂ ਵੋਟਰ ਸੂਚੀਆਂ ਵਿਚ ਦਰਜ਼ ਕਰਵਾਉਣ ਅਤੇ ਹੋਰਨਾਂ ਨੂੰ ਵੀ ਇਸ ਸਬੰਧੀ ਪ੍ਰੇਰਿਤ ਕਰਨ ਤਾਂ ਜੋ ਲੋਕਤੰਤਰ ਪ੍ਰਣਾਲੀ ਦੀ ਮਜ਼ਬੂਤੀ ਲਈ ਨੌਜਵਾਨ ਵਰਗ ਨੂੰ ਵੱਧ ਤੋਂ ਵੱਧ ਭਾਗੀਦਾਰ ਬਣਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਵੱਲੋਂ 10 ਅਤੇ 11 ਫਰਵਰੀ ਨੂੰ ਹੋਣ ਵਾਲੇ ਬਸੰਤ ਮੇਲੇ ਦੀਆਂ ਤਿਆਰੀਆਂ ਦਾ ਵੀ ਜਾਇਜਾ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਤਿਆਰੀਆਂ ਮੁਕੰਮਤ ਕਰਨ ਦੀਆਂ ਹਦਾਇਤਾਂ ਵੀ ਕੀਤੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ.) ਡਾ. ਨਿੱਧੀ ਕੁਮਦ ਬਾਮਬਾ, ਜ਼ਿਲ੍ਹਾ ਅਤੇ ਸੈਸ਼ਨ ਜੱਜ ਦੇ ਧਰਮ ਪਤਨੀ ਸ੍ਰੀਮਤੀ ਅਨੂ ਅਗਰਵਾਲ, ਏਡੀਜੇ ਮੈਡਮ ਰਾਜਵਿੰਦਰ ਕੌਰ, ਸੀਜੈਐਮ ਮੈਡਮ ਏਕਤਾ ਉੱਪਲ, ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਦੇ ਧਰਮ ਪਤਨੀ ਡਾ. ਅਮਨਦੀਪ ਕੌਰ, ਵਿਧਾਇਕ ਫਿਰੋਜ਼ਪੁਰ ਦਿਹਾਤੀ ਸ੍ਰੀ ਰਜਨੀਸ਼ ਦਹੀਯਾ ਦੇ ਧਰਮ-ਪਤਨੀ ਸ੍ਰੀਮਤੀ ਸੁਦੇਸ਼ ਰਾਣੀ ਦਹੀਯਾ ਨੇ ਵੀ ਉਥੇ ਲੋਕਾਂ ਨੂੰ ਵੋਟ ਬਣਾਉਣ ਅਤੇ ਵੋਟ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ।
ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਇਸ ਸੰਵਿਧਾਨਿਕ ਅਧਿਕਾਰ ਦੀ ਵਰਤੋਂ ਯੋਗ ਉਮੀਦਵਾਰ ਦੇ ਹੱਕ ਵਿੱਚ ਕਰਨੀ ਚਾਹੀਦੀ ਹੈ ਕਿਉਂਕਿ ਸਾਡੀ ਵੋਟ ‘ਤੇ ਹੀ ਸਾਡਾ ਅਤੇ ਸਾਡੇ ਦੇਸ਼ ਦਾ ਭਵਿੱਖ ਨਿਰਭਰ ਕਰਦਾ ਹੈ। ਇਸ ਮੌਕੇ ਸਵੀਪ ਗਤੀਵਿਧੀਆਂ ਵਿੱਚ ਵਧੀਆ ਭੂਮਿਕਾ ਨਿਭਾਉਣ ਵਾਲਿਆਂ ਅਤੇ ਦਿਵਿਆਂਗਜਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਤਹਿਸੀਲਦਾਰ ਚੋਣਾਂ ਸ੍ਰੀ ਚਾਂਦ ਪ੍ਰਕਾਸ਼, ਸਵੀਪ ਕੁਆਰਡੀਨੇਟਰ ਡਾ. ਸਤਿੰਦਰ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਅਸ਼ੋਕ ਬਹਿਲ, ਚੋਣ ਕਾਨੂੰਗੋ ਗਗਨਦੀਪ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਐਨਜੀਓਜ਼ ਦੇ ਮੈਂਬਰ ਹਾਜ਼ਰ ਸਨ।