ਬਾਰਸ਼ ਪੈਣ ਨਾਲ ਝੋਨੇ ਦੀ ਫ਼ਸਲ ਦੀ ਹਾਲਤ ਵਧੀਆ,ਫਿਲਹਾਲ ਕਿਸੇ ਕੀਟਨਾਸ਼ਕ ਦੇ ਛਿੜਕਾਅ ਦੀ ਜ਼ਰੂਰਤ ਨਹੀਂ: ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 11 ਅਗਸਤ 2024 (    )
ਕਿਸਾਨਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਬਲਾਕ ਕੋਟਕ ਪੂਰਾ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕਰਕੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀ ਮਾਹਿਰਾਂ ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ।ਇਸ ਟੀਮ ਵਿਚ ਡਾ. ਗੁਰਪ੍ਰੀਤ ਸਿੰਘ  ਖ਼ੇਤੀਬਾੜੀ ਅਫਸਰ,ਡਾ.ਜਸਵੰਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ,ਡਾ.ਜਗਮੀਤ ਸਿੰਘ ਬਲਾਕ ਤਕਨਾਲੋਜੀ ਪ੍ਰਬੰਧਕ ਵਿਸ਼ੇਸ਼ ਤੌਰ ਸ਼ਾਮਿਲ ਸਨ। ਟੀਮ ਵੱਲੋਂ ਸਵਾਨਾ ਕੰਪਨੀ ਦੇ ਪ੍ਰਬੰਧਕ ਨਿਤੇਸ਼ ਕੁਮਾਰ ਵਲੋਂ ਫੁੱਲ ਪੇਜ ਤਕਨਾਲੋਜੀ ਨਾਲ ਲਗਾਏ ਝੋਨੇ ਦੀ ਸਿੱਧੀ ਬਿਜਾਈ ਦੇ ਤਜ਼ਰਬਿਆਂ ਦ ਜਾਇਜ਼ਾ ਵੀ ਲਿਆ ਗਿਆ ।
             ਕਿਸਾਨਾਂ ਨਾਲ ਗੱਲਬਾਤ  ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਵਿੱਚ ਚਾਲੂ ਸੀਜ਼ਨ ਦੌਰਾਨ ਇੱਕ ਲੱਖ 16 ਹਜ਼ਾਰ ਹੈਕਟੇਅਰ ਰਕਬੇ ਵਿੱਚ ਝੋਨਾ ਅਤੇ ਬਾਸਮਤੀ ਦੀ ਲਵਾਈ ਕੀਤੀ ਗਈ ਹੈ ।ਉਨਾਂ ਕਿਹਾ ਕਿ ਇਸ ਸਮੇਂ ਝੋਨੇ ਦੀ ਫਸਲ ਬਹੁਤ ਵਧੀਆ ਹੈ ਅਤੇ ਫਸਲ ਉੱਪਰ ਕਿਸੇ ਵੀ ਕੀੜੇ ਜਾਂ ਬਿਮਾਰੀ ਦਾ ਕੋਈ ਹਮਲਾ ਨਹੀਂ ਦੇਖਿਆ ਗਿਆ ਪਰ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਵਿੱਚ ਦੁਕਾਨਦਾਰਾਂ ਜਾਂ ਆਂਢੀਆਂ ਗੁਆਂਢੀਆਂ ਦੇ ਕਹਿਣ ਤੇ ਦਾਣੇਦਾਰ ਕੀਟਨਾਸ਼ਕ ਦੀ ਵਰਤੋਂ ਕਰ ਰਹੇ ਹਨ, ਜਿਸ ਦੀ ਇਸ ਸਮੇਂ ਕੋਈ ਜ਼ਰੂਰਤ ਨਹੀਂ ਹੈ। ਉਨਾਂ ਕਿਹਾ ਕਿ ਇਸ ਸਮੇਂ ਕੀਟਨਾਸ਼ਕਾਂ ਦੀ ਵਰਤੋਂ ਕਰਨ ਨਾਲ ਖੇਤੀ ਲਾਗਤ ਖਰਚੇ ਹੀ ਵਧਣਗੇ ਅਤੇ ਫਾਇਦਾ ਕੋਈ ਨਹੀਂ  ਹੋਵੇਗਾ। ਉਨਾਂ ਕਿਹਾ ਕਿ ਮਿਆਰੀ ਬਾਸਮਤੀ ਪੈਦਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਬਾਸਮਤੀ ਦੀ ਫਸਲ ਵਿੱਚ ਕੀੜਿਆਂ ਅਤੇ ਬਿਮਾਰੀਆ ਦੀ ਰੋਕਥਾਮ ਲਈ 10 ਕੀਟਨਾਸ਼ਕਾਂ ਕਾਰਬੈਂਡਾਜ਼ਿਮ, ਕਲੋਰੋਪਾਈਰੀਫਾਸ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ, ਐਸੀਫੇਟ, ਬੂਫਰੋਜਿਨ, ਇਮਿਡਾਕਲੋਪਰਡਿ, ਪ੍ਰੋਪੀਕੋਨਾਜ਼ੋਲ, ਹੈਕਸਾਕੋਨਾਜ਼ੋਲ ਅਤੇ ਪ੍ਰੋਫਿਨੋਫਾਸ ਦੀ ਵਰਤੋਂ ਤੇ ਪਾਬੰਦੀ ਲਗਾ ਦਿੱਤੀ ਗਈ ਹੈ।ਉਨਾਂ ਦੱਸਿਆ ਕਿ ਜੇਕਰ ਜ਼ਰੂਰਤ ਪਵੇ ਤਾਂ ਬਾਸਮਤੀ ਦੀ ਫਸਲ ਉੱਪਰ ਖੇਤੀ ਮਾਹਿਰਾਂ ਦੀ ਸਲਾਹ ਨਾਲ ਬਦਲਵੇਂ ਰਸਾਇਣਾਂ ਦਾ ਛਿੜਕਾਅ ਕਰੋ।
ਡਾ. ਗੁਰਪ੍ਰੀਤ ਸਿੰਘ  ਨੇ  ਕਿਹਾ ਕਿ ਵਧੇਰੇ ਪੈਦਾਵਾਰ ਲੈਣ ਦੀ ਚਾਹਤ ਨਾਲ ਕਿਸਾਨਾਂ ਵੱਲੋਂ ਅੰਨੇਵਾਹ ਅਤੇ ਬਗੈਰ ਸਿਫਾਰਸ਼ਾਂ ਤੋਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਖਾਦ ਪਦਾਰਥ,ਵਾਤਾਵਰਣ ਪ੍ਰਦੂਸ਼ਿਤ ਤਾਂ ਹੋ ਹੀ ਰਿਹਾ ਹੈ ਅਤੇ ਨਾਲ ਹੀ ਖੇਤੀ ਲਾਗਤ ਖਰਚੇ ਵਧਣ ਕਾਰਨ ਸ਼ੁੱਧ ਖੇਤੀ ਆਮਦਨ ਘੱਟ ਰਹੀ ਹੈ।ਉਨਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਦਵਾਈਆਂ ਵਰਤਣ ਦੀ ਬਿਜਾਏ, ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਹੀ ਸਮੱਸਿਆਂ ਦਾ ਹੱਲ ਕੱਢਿਆ ਜਾਵੇ ਤਾਂ ਬੇਹਤਰ ਰਹੇਗਾ। ਉਨਾਂ ਕਿਹਾ ਕਿ ਨਿੱਜੀ ਕੰਪਨੀਆਂ ਦੇ ਨੁਮਾਇੰਦੇ ਕਈ ਵਾਰ ਕਿਸਾਨਾਂ ਨੂੰ ਕਿਸੇ ਕੀਟਨਾਸ਼ਕ ਬਾਰੇ ਇੰਨੇ ਸਬਜ਼ਬਾਗ ਦਿਖਾ ਦਿੰਦੇ ਹਨ,ਕਿ ਕਿਸਾਨ ਨਾ ਚਾਹੁੰਦਾ ਹੋਇਆ ਵੀ ਉਸ ਦਵਾਈ ਦੀ ਵਰਤੋਂ ਫਸਲ ਉੱਪਰ ਕਰ ਦਿੰਦਾ ਹੈ।
 ਉਨਾਂ  ਨੇ ਕਿਹਾ ਕਿ ਬਾਸਮਤੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਪਨੀਰੀ ਦੀ ਲਵਾਈ ਤੋਂ 2-3 ਦਿਨਾਂ ਦੇ ਅੰਦਰ ਅੰਦਰ ਸਿਫਾਰਸ਼ਸ਼ੁਦਾ ਨਦੀਨਾਸ਼ਕਾਂ ਦੀ ਸਿਫਾਰਸ਼ ਮਾਤਰਾ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਰਲਾ ਕੇ ਖੜੇ ਪਾਣੀ ਵਿੱਚ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ ਅਤੇ ਜੇਕਰ ਫਿਰ ਵੀ ਨਦੀਨ ਉੱਗ ਪੈਂਦੇ ਹਨ ਤਾਂ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਈਰੀਬੈਕ10 ਈ ਸੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ। ਕਿਸਾਨ ਪ੍ਰਣਾਮ ਸਿੰਘ ਨੇ ਦੱਸਿਆ ਕਿ ਸਿੱਧੀ ਬਿਜਾਈ ਤਕਨੀਕ ਨਾਲ ਜਿੱਥੇ ਪਾਣੀ ਦੀ ਬੱਚਤ ਹੁੰਦੀ ਹੈ ,ਓਥੇ ਸਮੇਂ ਅਤੇ ਖੇਤੀ ਲਾਗਤ ਖਰਚਿਆਂ ਦੀ ਵੀ ਬੱਚਤ ਹੁੰਦੀ ਹੈ।

Leave a Reply

Your email address will not be published. Required fields are marked *