ਵਧੀਕ ਡਿਪਟੀ ਕਮਿਸ਼ਨਰ ਦੀ ਮੌਜੂਦਗੀ ਵਿੱਚ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਤਹਿਤ ਕੱਢੇ ਡਰਾਅ, ਸੀਨੀਅਰਤਾ ਮੁਤਾਬਿਕ ਬਣਾਈਆਂ ਲਿਸਟਾਂ

ਮੋਗਾ 18 ਜੁਲਾਈ:
ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਕਰਾਪ ਰੈਜੀਡਿਊ ਮੈਨੇਜਮੈਂਟ ਸਕੀਮ ਅਧੀਨ ਜ਼ਿਲ੍ਹਾ ਮੋਗਾ ਵਿਚ ਕਿਸਾਨਾਂ ਵੱਲੋਂ ਖੇਤੀ ਸੰਦ ਉਪਦਾਨ ਤੇ ਲੈਣ ਲਈ 633 ਬਿਨੈਪੱਤਰ ਨਿੱਜੀ ਕਿਸਾਨਾਂ ਵੱਲੋਂ, ਸਹਿਕਾਰੀ ਸਭਾਵਾਂ ਵੱਲੋਂ 8, ਰਜਿਸਟਰਡ ਕਿਸਾਨ ਗਰੁੱਪਾਂ ਵੱਲੋਂ 38, ਐਫ.ਪੀ.ਓ ਵੱਲੋਂ 5 ਅਤੇ 56 ਨਿੱਜੀ ਕਿਸਾਨਾਂ ਨੇ ਬਤੌਰ ਕਸਟਮ ਹਾਇਰ ਸੈਂਟਰ ਸਥਾਪਿਤ ਕਰਨ ਲਈ ਆਪਣੇ ਬਿਨੈਪੱਤਰ ਅਪਲਾਈ ਕੀਤੇ ਸਨ। ਇਨ੍ਹਾਂ ਕਿਸਾਨਾਂ ਅਤੇ ਗਰੁੱਪਾਂ ਨੂੰ ਖੇਤੀ ਮਸ਼ੀਨਰੀ ਉਪਦਾਨ ਤੇ ਮੁਹੱਈਆ ਕਰਾਉਣ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਨਿਯਮਾਂ ਅਨੁਸਾਰ ਅੱਜ ਦਫ਼ਤਰ ਡਿਪਟੀ ਕਮਿਸ਼ਨਰ, ਮੋਗਾ ਵਿਖੇ ਵਧੀਕ ਡਿਪਟੀ ਕਮਿਸ਼ਨਰ, ਮੋਗਾ ਸ੍ਰੀਮਤੀ ਹਰਕੀਰਤ ਕੌਰ ਚਾਨੇ ਦੀ ਮੌਜੂਦਗੀ ਵਿਚ ਡਰਾਅ ਕੱਢੇ ਗਏ ਅਤੇ ਸੀਨੀਅਰਤਾ ਮੁਤਾਬਿਕ ਲਿਸਟਾਂ ਫਾਈਨਲ ਕੀਤੀਆਂ ਗਈਆਂ।
ਡਰਾਅ ਕੱਢਣ ਸਮੇਂ ਡਾ: ਜਸਵਿੰਦਰ ਸਿੰਘ ਬਰਾੜ ਮੁੱਖ ਖੇਤੀਬਾੜੀ ਅਫ਼ਸਰ ਮੋਗਾ, ਡਾ. ਮਨਪ੍ਰੀਤ ਸਿੰਘ ਜੈਦਕਾ ਸਹਾਇਕ ਪ੍ਰੋਫੈਸਰ ਕ੍ਰਿਸ਼ੀ ਵਿਗਿਆਨ ਕੇਂਦਰ, ਚਿੰਰਜੀਵ ਸਿੰਘ ਲੀਡ ਬੈਂਕ ਮੈਨੇਜਰ, ਡਾ. ਅਮਨਦੀਪ ਸਿੰਘ ਖੇਤੀ ਵਿਕਾਸ ਅਫ਼ਸਰ ਮੋਗਾ-2, ਇੰਜਨੀਅਰ ਸਤਿੰਦਰਪਾਲ ਸਿੰਘ ਸਹਾਇਕ ਖੇਤੀਬਾੜੀ ਇੰਜਨੀਅਰ, ਸ੍ਰ. ਰਣਜੀਤ ਸਿੰਘ ਜੂਨੀਅਰ ਟੈਕਨੀਸ਼ੀਅਨ, ਕਿਸਾਨ ਜਸਵੀਰ ਸਿੰਘ ਪਿੰਡ ਨਿਧਾਂਵਾਲਾ ਅਤੇ ਦਲਜੀਤ ਸਿੰਘ ਪਿੰਡ ਧਰਮ ਸਿੰਘ ਵਾਲਾ ਹਾਜ਼ਰ ਸਨ।
ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਡਰਾਅ ਮੁਤਾਬਕ 230 ਮਸ਼ੀਨਾਂ ਨਿੱਜੀ ਕਿਸਾਨਾਂ, 49 ਕਸਟਮ ਹਾਈਰਿੰਗ ਸੈਂਟਰਾਂ ਨੂੰ 471 ਮਸ਼ੀਨਾਂ ਨਿਯਮਾਂ ਮੁਤਾਬਕ ਮੁਹੱਈਆ ਕਰਵਾਈਆਂ ਜਾਣਗੀਆਂ। ਕਸਟਮ ਹਾਇਰਿੰਗ ਸੈਂਟਰਾਂ ਵਿੱਚ ਜ਼ਿਲ੍ਹੇ ਦੀਆਂ 8 ਸਹਿਕਾਰੀ ਸਭਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਕਿਸਾਨ ਇਨ੍ਹਾਂ ਕਸਟਮ ਹਾਇਰਿੰਗ ਸੈਂਟਰਾਂ ਤੋਂ ਆਮ ਕਿਸਾਨ ਵੀ ਮਸ਼ੀਨਾਂ ਜ਼ਾਇਜ਼ ਰੇਟ ਦੇ ਕਿਰਾਏ ਤੇ ਹਾੜ੍ਹੀ ਦੀ ਫ਼ਸਲ ਦੀ ਬਿਜਾਈ ਕਰ ਸਕਣ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚ ਹੀ ਵਾਹੁਣ ਸਬੰਧੀ ਕਿਸਾਨ ਖੁਦ ਸੁਚੇਤ ਹੋਣ ਤਾਂ ਜੋ ਵਾਤਾਵਰਣ ਨੂੰ ਬਚਾਇਆ ਜਾ ਸਕੇ।

Leave a Reply

Your email address will not be published. Required fields are marked *